ਸ਼ਹੀਦਾਂ ਦੇ ਸੁਪਨੇ ਤੋੜਨ ਵਾਲੀ ਕਾਂਗਰਸ ਹੁਣ ਸ਼ਹੀਦਾਂ ਦੀਆਂ ਯਾਦਗਾਰਾਂ ਮਿਟਾਉਣ ਲੱਗੀ-‘ਆਪ’

TeamGlobalPunjab
2 Min Read

ਫ਼ਿਰੋਜ਼ਪੁਰ: ਆਮ ਆਦਮੀ ਪਾਰਟੀ (ਆਪ) ਨੇ ਸਥਾਨਕ ਊਧਮ ਸਿੰਘ ਚੌਂਕ ਦੀ ਨਵੀਨੀਕਰਨ ਅਤੇ ਫੇਰਬਦਲ ਕਰਨ ਦਾ ਤਿੱਖਾ ਵਿਰੋਧ ਕੀਤਾ ਹੈ। ਵੀਰਵਾਰ ਨੂੰ ‘ਆਪ’ ਦੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸ਼ਹੀਦ ਊਧਮ ਸਿੰਘ ਚੌਂਕ ਨੂੰ ਘੰਟਾਘਰ ‘ਚ ਬਦਲਣ ਦੀ ਪ੍ਰਸ਼ਾਸਨਿਕ ਕਾਰਵਾਈ ਦੇ ਵਿਰੁੱਧ ‘ਆਪ’ ਦੇ ਸਥਾਨਕ ਆਗੂਆਂ ਨਾਲ ਸ਼ਹੀਦ ਊਧਮ ਸਿੰਘ ਚੌਂਕ ‘ਤੇ ਪੁੱਜੇ ਅਤੇ ਸ਼ਹੀਦ ਦੇ ਬੁੱਤ ‘ਤੇ ਫੁੱਲ-ਮਾਲਾ ਚੜ੍ਹਾ ਕੇ ਸ਼ਹੀਦ ਦਾ ਸਨਮਾਨ ਕੀਤਾ।

ਸਥਾਨਕ ਲੀਡਰਸ਼ਿਪ ਨਾਲ ਜਾ ਕੇ ਡਿਪਟੀ ਕਮਿਸ਼ਨ ਫ਼ਿਰੋਜ਼ਪੁਰ ਨੂੰ ਸ਼ਹੀਦ ਊਧਮ ਸਿੰਘ ਚੌਂਕ ‘ਚ ਸ਼ਹੀਦ ਦੇ ਸਮਾਰਕ (ਬੁੱਤ) ‘ਤੇ ਘੰਟਾਘਰ ਉਸਾਰੇ ਜਾਣ ਦੇ ਵਿਰੋਧ ‘ਚ ਮੰਗ ਪੱਤਰ ਦਿੱਤਾ।

ਇਸ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਪਿਛਲੇ 74 ਸਾਲਾਂ ਤੋਂ ਵਾਰੀ ਬੰਨ੍ਹ ਕੇ ਰਾਜ ਕਰਦੀਆਂ ਆ ਰਹੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਪਰਿਵਾਰਪ੍ਰਸਤੀ ਅਤੇ ਸੱਤਾ ਦੇ ਨਸ਼ੇ ‘ਚ ਅੰਨ੍ਹੇ ਹੋ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰ ਦਿੱਤਾ ਅਤੇ ਹੁਣ ਇਹ ਕਾਲੇ ਅੰਗਰੇਜ਼ ਸ਼ਹੀਦਾਂ ਦੇ ਸਮਾਰਕਾਂ ਨੂੰ ਹੀ ਮਿਟਾਉਣ ਅਤੇ ਲੁਕਾਉਣ ਲੱਗੇ ਹਨ।

‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ‘ਤੇ ਸ਼ਹੀਦਾਂ ਦਾ ਅਪਮਾਨ ਨਹੀਂ ਹੋਣ ਦੇਵੇਗੀ। ‘ਆਪ’ ਆਗੂਆਂ ਨੇ ਫ਼ਿਰੋਜ਼ਪੁਰ ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਸ਼ਹੀਦ ਊਧਮ ਸਿੰਘ ਦੇ ਬੁੱਤ ‘ਤੇ ਘੰਟਾਘਰ ਦੀ ਉਸਾਰੀ ਦੀ ਪ੍ਰਕਿਰਿਆ ਨਾ ਰੁਕਵਾਈ ਤਾਂ ਉਸ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ, ਕਿਉਂਕਿ ਪਰਮਿੰਦਰ ਸਿੰਘ ਪਿੰਕੀ ਨੇ ਦਹਾਕੇ ਪੁਰਾਣੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਸਥਿਤ ਸ਼ਹੀਦ ਦੇ ਬੁੱਤ ਉੱਪਰ ਘੰਟਾਘਰ ਦੀ ਉਸਾਰੀ ਦੇ ਕੰਮ ਦਾ ਪ੍ਰਸ਼ਾਸਨ ਨਾਲ ਮਿਲ ਕੇ ਉਦਘਾਟਨ ਕੀਤਾ ਸੀ। ਇਨ੍ਹਾਂ ਹੀ ਨਹੀਂ ਸੱਤਾਧਾਰੀਆਂ ਨੇ ਬੁੱਤ ਦੇ ਅਪਮਾਨ ਦੇ ਵਿਰੋਧ ਵਿਚ ਧਰਨੇ ‘ਤੇ ਬੈਠੇ ‘ਆਪ’ ਵਰਕਰਾਂ ‘ਚੋਂ ਮੌੜਾ ਸਿੰਘ ਅਣਜਾਣ ‘ਤੇ ਹਮਲੇ ਦੀ ਨਿੰਦਾ ਜਨਕ ਹਰਕਤ ਵੀ ਕੀਤੀ ਸੀ।

Share This Article
Leave a Comment