ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਹਥਰਸ ਵਿੱਚ ਇੱਕ 20 ਸਾਲਾ ਲੜਕੀ ਨਾਲ ਕੀਤੀ ਗਈ ਵਹਿਸ਼ੀਆਨਾ ਹਰਕਤ ਦੀ ਅਜ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਲਗਭਗ ਘਟ ਹੈ। ਇਸ ਮਾਮਲੇ ਤੇ ਪੂਰੇ ਦੇਸ਼ ਅੰਦਰ ਗੁੱਸੇ ਦੀ ਲਹਿਰ ਹੈ । ਜਿਸ ਦੇ ਚਲਦਿਆਂ ਇਸ ਮਸਲੇ ਤੇ ਸਿਆਸਤ ਵੀ ਕੀਤੀ ਜਾ ਰਹੀ ਹੈ ਅਤੇ ਯੋਗੀ ਸਰਕਾਰ ਦਾ ਵੱਡੇ ਪੱਧਰ ਤੇ ਵਿਰੋਧ ਵੀ ਹੋ ਰਿਹਾ ਹੈ ।
ਖੈਰ ਹੁਣ ਇਸ ਖਿੱਚੋਤਾਣ ਦੇ ਮਾਹੌਲ ਵਿਚ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਇਕ ਵਾਰ ਫਿਰ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਹਾਥਰਸ ਜਾ ਰਹੇ ਹਨ ।
ਦਸ ਦੇਈਏ ਕਿ ਲੰਘੇ ਵੀਰਵਾਰ ਨੂੰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਪੀੜਤ ਪਰਿਵਾਰ ਨੂੰ ਮਿਲਣ ਲਈ ਹਾਥਰਸ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਯੂ ਪੀ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਹਾਲਾਤ ਇਹ ਹੋ ਗਏ ਸਨ ਰਾਹੁਲ ਅਤੇ ਪੁਲਿਸ ਵਿਚਕਾਰ ਝੜਪਾਂ ਵੀ ਹੋ ਗਈਆਂ ਸਨ । ਹੁਣ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੀ ਅਗਵਾਈ ਵਿੱਚ ਇੱਕ ਕਾਂਗਰਸ ਦਾ ਵਫ਼ਦ ਸ਼ਨੀਵਾਰ ਯਾਨੀ ਅਜ ਦੁਪਹਿਰ ਪੀੜਤ ਪਰਿਵਾਰ ਨਾਲ ਮੁਲਾਕਾਤ ਕਰੇਗਾ। ਕਾਂਗਰਸੀ ਵਫ਼ਦ ਪੀੜਤ ਪਰਿਵਾਰ ਦੀਆਂ ਸ਼ਿਕਾਇਤਾਂ ਸੁਣੇਗਾ ਅਤੇ ਪੀੜਤ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ ਦੀ ਮੰਗ ਕਰੇਗਾ।