ਚੰਡੀਗੜ੍ਹ, (ਅਵਤਾਰ ਸਿੰਘ): ਪੀ. ਏ. ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਖੇਤੀ ਸਿੱਖਿਆ ਦਿਵਸ ਦੇ ਸੰਬੰਧ ਵਿੱਚ ਇੱਕ ਰਾਜ ਪੱਧਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਹ ਵੈਬੀਨਾਰ ਪੰਜਾਬ ਦੇ ਸਰਕਾਰੀ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸੀ। ਇਸ ਵਿੱਚ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ, ਸਰਕਾਰੀ ਸੈਕੰਡਰੀ ਸਮਾਰਟ ਸਕੂਲ ਪੀ.ਏ.ਯੂ. ਲੁਧਿਆਣਾ, ਐਸ.ਵੀ.ਐਮ. ਬਰਨਾਲਾ, ਸਰਕਾਰੀ ਸੈਕੰਡਰੀ ਸਕੂਲ ਗਾਲਿਬ ਕਲਾਂ, ਸਰਕਾਰੀ ਸੈਕੰਡਰੀ ਸਕੂਲ ਧੂਰਕੋਟ, ਸਰਕਾਰੀ ਸੈਕੰਡਰੀ ਸਕੂਲ ਚਕਰ ਅਤੇ ਹੋਰ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹਨ। ਇਸ ਵੈਬੀਨਾਰ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਤੀ ਸਿੱਖਿਆ ਦੀ ਕਿੱਤੇ ਵਜੋਂ ਚੋਣ ਲਈ ਉਤਸ਼ਾਹਿਤ ਕਰਨਾ ਸੀ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਖੇਤੀ ਦੇ ਮਹੱਤਵ ਬਾਰੇ ਗੱਲ ਕਰਦਿਆਂ ਇਸ ਨਾਲ ਸੰਬੰਧਤ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵਿਖੇ ਕਿੱਤਾ ਸਿਖਲਾਈ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਨੂੰ ਇਨ੍ਹਾਂ ਦਾ ਲਾਭ ਲੈਣ ਦੀ ਅਪੀਲ ਕੀਤੀ।
ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਮਨਮੀਤ ਕੌਰ ਨੇ ਪੀ.ਏ.ਯੂ. ਵਿਖੇ ਚਲਾਏ ਜਾ ਰਹੇ ਵੱਖ-ਵੱਖ ਡਿਗਰੀ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਵਿੱਚ ਵਿਦਿਆਰਥੀ ਸਕੂਲੀ ਸਿੱਖਿਆ ਤੋਂ ਬਾਅਦ ਦਾਖਲ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਖੇਤੀ ਸਿੱਖਿਆ ਨਾਲ ਸੰਬੰਧਤ ਨੌਕਰੀਆਂ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਆਫ਼ ਬਿਜਨਸ ਸਟੱਡੀਜ਼ ਦੇ ਪ੍ਰੋਫੈਸਰ ਡਾ. ਖੁਸ਼ਦੀਪ ਧਰਨੀ ਨੇ ਨੌਜਵਾਨਾਂ ਲਈ ਖੇਤੀ ਕਾਰੋਬਾਰ ਸਿਖਲਾਈ ਦੇ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਗੱਲ ਕੀਤੀ । ਇਸ ਵੈਬੀਨਾਰ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਪ੍ਰਾਪਤ ਜਾਣਕਾਰੀ ਆਪਣੇ ਪਰਿਵਾਰਾਂ ਅਤੇ ਸਮਾਜ ਤੱਕ ਪਸਾਰਨ ਅਤੇ ਭਵਿੱਖ ਵਿੱਚ ਖੇਤੀ ਸਿੱਖਿਆ ਨੂੰ ਕਿੱਤੇ ਵਜੋਂ ਤਰਜੀਹ ਦੇਣ ਦਾ ਸੁਨੇਹਾ ਦਿੱਤਾ ਗਿਆ।