ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਵਿਵਾਦਾਂ ‘ਚ ਘਿਰੀ ਅਫਸਾਨਾ ਖਾਨ

TeamGlobalPunjab
3 Min Read

ਮੁਕਤਸਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਹਾਲ ਹੀ ਵਿੱਚ ਭੜਕਾਊ ਗੀਤਾਂ ਨੂੰ ਲੈ ਕੇ ਵਿਵਾਦਾਂ ਵਿੱਚ ਹਨ। ਹੁਣ ਇਸ ਕੜੀ ਵਿੱਚ ਪੰਜਾਬੀ ਗਾਇਕਾ ਅਫਸਾਨਾ ਖਾਨ ਦਾ ਨਾਮ ਵੀ ਜੁੜ ਗਿਆ ਹੈ। ਅਫਸਾਨਾ ਖਾਨ ਦਾ ਮੁਕਤਸਰ ਦੇ ਪਿੰਡ ਬਾਦਲ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਲੱਚਰ ਅਤੇ ਭੜਕਾਊ ਗੀਤ ਗਾਉਂਦੇ ਹੋਏ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਨੂੰ ਅਫਸਾਨਾ ਖਾਨ ਨੇ ਖੁਦ ਆਪਣੀ ਟਿਕਟਾਕ ‘ਤੇ ਅਪਲੋਡ ਕੀਤਾ ਸੀ ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਿਆ। ਵੀਡੀਓ ਦੇਖਣ ਤੋਂ ਬਾਅਦ ਚੰਡੀਗੜ੍ਹ ਦੇ ਸਰਕਾਰੀ ਕਾਲਜ ਦੇ ਇੱਕ ਪ੍ਰੋਫੈਸਰ ਨੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਣ ਕੁਮਾਰ, ਡੀਜੀਪੀ ਪੰਜਾਬ ਸਣੇ ਐੱਸਐੱਸਪੀ ਮੁਕਤਸਰ ਦੇ ਦਫਤਰ ਸ਼ਿਕਾਇਤ ਭੇਜ ਕੇ ਅਫਸਾਨਾ ਖਾਨ ‘ਤੇ ਕੇਸ ਦਰਜ ਕਰਨਦੀ ਮੰਗ ਕੀਤੀ ਹੈ ।

ਸਿੱਖਿਆ ਵਿਭਾਗ ਦੇ ਕੋਲ ਮਾਮਲਾ ਪੁੱਜਣ ‘ਤੇ ਸਕੂਲ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਉੱਥੇ ਹੀ ਐੱਸਐੱਸਪੀ ਮੁਕਤਸਰ ਨੇ ਡੀਐੱਸਪੀ ਦੀ ਜਾਂਚ ਲਈ ਡਿਊਟੀ ਲਗਾ ਦਿੱਤੀ ਹੈ। ਚੰਡੀਗੜ੍ਹ ਦੇ ਸੈਕਟਰ-46 ਸਥਿਤ ਸਰਕਾਰੀ ਕਾਲਜ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰੋ.ਪੰ. ਰਾਓ ਧਰੇਨਵਰ ਨੇ ਕਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੇ ਸਾਹਮਣੇ ਭੱਦੀ ਸ਼ਬਦਾਵਲੀ ਦੇ ਗੀਤ ਗਾਉਣਾ ਕਿੱਥੋਂ ਤੱਕ ਜਾਇਜ਼ ਹੈ। ਅਜਿਹਾ ਕਰਨਾ ਸਿੱਖਿਆ ਦੇ ਮੰਦਿਰ ਦਾ ਅਪਮਾਨ ਕਰਨਾ ਹੈ।

ਜ਼ਿਲ੍ਹਾਂ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਦੋਂ ਸਕੂਲ ਵਿੱਚ ਇਸ ਪ੍ਰਬੰਧ ਦੇ ਬਾਰੇ ਵਿੱਚ ਪਤਾ ਚੱਲਿਆ ਤਾਂ ਉਨ੍ਹਾਂ ਨੇ ਵੀ ਪੱਤਰ ਭੇਜ ਕੇ ਐੱਸਐੱਸਪੀ ਨੂੰ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖਿਆ ਵਿਭਾਗ ਚੰਡੀਗੜ੍ਹ ਵੱਲੋਂ ਸਕੂਲ ਪ੍ਰਿੰਸੀਪਲ ਕਰਨਪਾਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਪਹੁੰਚ ਚੁੱਕਿਆ ਹੈ। ਉੱਧਰ ਐੱਸਐੱਸਪੀ ਰਾਜਬਚਨ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਨੇ ਡੀਐੱਸਪੀ ਮਲੋਟ ਮਨਮੋਹਨ ਸਿੰਘ ਦੀ ਮਾਮਲੇ ਦੀ ਜਾਂਚ ਕਰਨ ਲਈ ਡਿਊਟੀ ਲਗਾ ਦਿੱਤੀ ਹੈ।

ਸਕੂਲ ਪ੍ਰਿੰਸੀਪਲ ਕਰਨਪਾਲ ਸਿੰਘ ਦਾ ਕਹਿਣਾ ਹੈ ਕਿ ਸਕੂਲ ‘ਚ ਛੁੱਟੀ ਹੋਣ ਦੇ ਬਾਅਦ 3 : 10 ਮਿੰਟ ਉੱਤੇ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਅਫਸਾਨਾ ਖਾਨ ਨੇ ਇਸ ਸਕੂਲ ਤੋਂ ਹੀ ਪੜ੍ਹਾਈ ਕੀਤੀ ਹੈ। ਉਹ ਅਚਾਨਕ ਆਪਣੇ ਪੁਰਾਣੇ ਸਕੂਲ ਆ ਪਹੁੰਚੀ ਤਾਂ ਬੱਚਿਆਂ ਨੂੰ ਉਨ੍ਹਾਂ ਨੂੰ ਮਿਲਵਾਉਂਦੇ ਹੋਏ ਉਨ੍ਹਾਂ ਨੇ ਅਫ਼ਸਾਨਾ ਦੀ ਤਰ੍ਹਾਂ ਸਕੂਲ ਦਾ ਨਾਮ ਰੋਸ਼ਨ ਕਰਨ ਨੂੰ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਇਹ ਐਕਟਿਵਿਟੀ ਕਰਵਾਈ ਸੀ।

Share This Article
Leave a Comment