ਫ਼ਤਹਿਗੜ੍ਹ ਸਾਹਿਬ : “ਕਿਉਂਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀਆਂ ਹਮਖਿਆਲ ਪੰਥਕ ਜਥੇਬੰਦੀਆਂ ਮੁੱਢ ਤੋਂ ਹੀ ਖ਼ਾਲਸਾ ਪੰਥ ਵਿਚ ਕਿਸੇ ਤਰ੍ਹਾਂ ਦੀ ਹੋਣ ਵਾਲੀ ਭਰਾਮਾਰੂ ਜੰਗ ਦੇ ਪੂਰਨ ਰੂਪ ਵਿਚ ਵਿਰੁੱਧ ਹਨ । ਬਲਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੌਮਾਂਤਰੀ ਸਤਿਕਾਰ-ਮਾਣ ਨੂੰ ਗੁਰਮਰਿਯਾਦਾ ਅਨੁਸਾਰ ਕਾਇਮ ਰੱਖਣ ਅਤੇ ਸਿੱਖ ਕੌਮ ਨਾਲ ਸੰਬੰਧਤ ਅਜਿਹੇ ਸੰਜ਼ੀਦਾ ਮਸਲਿਆ ਨੂੰ ਸਹਿਜ ਪੂਰਵਕ ਆਪਸੀ ਵਿਚਾਰਾਂ ਕਰਦੇ ਹੋਏ ਸਰਬਸੰਮਤੀ ਦੇ ਫੈਸਲਿਆ ਨਾਲ ਹੱਲ ਕਰਨ ਦੇ ਅਸੀਂ ਸਭ ਕਾਇਲ ਹਾਂ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤਿ ਸੰਜ਼ੀਦਾ ਮੁੱਦੇ ਉਤੇ ਅੱਜ ਸਮੂਹਿਕ ਪੰਥਕ ਏਕਤਾ ਦੀ ਸਖਤ ਲੋੜ ਹੈ ਅਤੇ ਸਭਨਾਂ ਨੂੰ ਪੰਥਕ ਏਕਤਾ ਨੂੰ ਮਜਬੂਤੀ ਬਖਸਣ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਕਸਰ ਨਹੀਂ ਛੱਡਣੀ ਚਾਹੀਦੀ, ਉਸ ਮਕਸਦ ਦੀ ਪ੍ਰਾਪਤੀ ਲਈ ਜੋ ਅਸੀਂ ਸਾਂਝੇ ਵਿਚਾਰਾਂ ਰਾਹੀ 14 ਸਤੰਬਰ 2020 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਸਾਂਝਾ ਇਕੱਠ ਵਿਚਾਰਾਂ ਕਰਨ ਲਈ ਅਤੇ ਫੈਸਲਾ ਕਰਨ ਲਈ ਰੱਖਿਆ ਸੀ, ਉਸ ਨੂੰ ਇਕ-ਦੋ ਜਥੇਬੰਦੀਆਂ ਨੇ ‘ਏਕਤਾ ਦੀ ਭਾਵਨਾ’ ਨੂੰ ਪਿੱਠ ਦੇ ਕੇ ਵੱਖਰੇ ਤੌਰ ਤੇ ਮੰਜੀ ਸਾਹਿਬ ਵਿਖੇ ਹੀ ਉਸੇ ਦਿਨ ਇਕੱਠ ਰੱਖਕੇ ਕੌਮੀ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਦੀ ਬਜਰ ਗੁਸਤਾਖੀ ਕੀਤੀ ਹੈ । ਲੇਕਿਨ ਸਾਡੀ ਭਾਵਨਾ ਪਹਿਲੇ ਵੀ ਕੌਮੀ ਏਕਤਾ ਦੀ ਹੀ ਰਹੀ ਹੈ ਅਤੇ ਰਹੇਗੀ, ਇਸ ਸੰਪੂਰਨ ਕੌਮੀ ਏਕਤਾ ਦੇ ਮਕਸਦ ਦੀ ਪ੍ਰਾਪਤੀ ਲਈ 14 ਸਤੰਬਰ 2020 ਵਾਲੀ ਹੋਣ ਵਾਲੀ ਇਕੱਤਰਤਾ ਨੂੰ ਮੁਲਤਵੀ ਕਰਕੇ ਇਹ ਹੁਣ 17 ਸਤੰਬਰ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਸੰਜ਼ੀਦਾ ਸਮੂਹਿਕ ਪੰਥਕ ਇਕੱਤਰਤਾ ਹੋਵੇਗੀ । ਜਿਸ ਵਿਚ ਪਹਿਲੇ ਨਾਲੋ ਵੀ ਵਧੇਰੇ ਉਤਸਾਹ ਤੇ ਪੰਥਕ ਦਰਦ ਨੂੰ ਮੁੱਖ ਰੱਖਦੇ ਹੋਏ ਸਮੁੱਚੀਆਂ ਜਥੇਬੰਦੀਆਂ ਅਤੇ ਵਿਦਵਾਨਾਂ ਨੂੰ ਪਹੁੰਚਣ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ ।”
ਇਹ ਅਪੀਲ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 14 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲੀ ਪੰਥਕ ਇਕੱਤਰਤਾ ਦੀ ਭਾਵਨਾ ਨੂੰ ਕੁਝ ਇਕ-ਦੋ ਜਥੇਬੰਦੀਆਂ ਵੱਲੋਂ ਸੱਟ ਮਾਰਨ ਅਤੇ ਭਰਾਮਾਰੂ ਜੰਗ ਨੂੰ ਉਤਸਾਹਿਤ ਕਰਨ ਨੂੰ ਅਤਿ ਮੰਦਭਾਗਾ ਕਰਾਰ ਦਿੰਦੇ ਹੋਏ ਉਸ 14 ਸਤੰਬਰ ਵਾਲੀ ਇਕੱਤਰਤਾ ਨੂੰ ਮੁਲਤਵੀ ਕਰਕੇ 17 ਸਤੰਬਰ ਨੂੰ ਇਹ ਸਮੂਹਿਕ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖਣ ਦੀ ਜਾਣਕਾਰੀ ਦਿੰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਨੂੰ ਅਤਿ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਜਿਹੀ ਗੁਸਤਾਖੀ ਦੀ ਬਦੌਲਤ ਹੀ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਸ. ਗੋਬਿੰਦ ਸਿੰਘ ਲੌਗੋਵਾਲ ਨੇ ਮੰਜੀ ਸਾਹਿਬ ਵਿਖੇ ਹੋਣ ਵਾਲੀ ਪੰਥਕ ਇਕੱਤਰਤਾ ਕਰਨ ਉਤੇ ਰੋਕ ਲਗਾ ਦਿੱਤੀ ਹੈ । ਇਹੀ ਵਜਹ ਹੈ ਕਿ ਸਾਨੂੰ ਪੰਥਕ ਵੱਡੇਰੇ ਹਿੱਤਾ ਅਤੇ ਦੂਰਅੰਦੇਸ਼ੀ ਵਾਲੀ ਭਾਵਨਾ ਨੂੰ ਮੁੱਖ ਰੱਖਦੇ ਹੋਏ 14 ਸਤੰਬਰ ਦੀ ਬਜਾਇ 17 ਸਤੰਬਰ ਨੂੰ ਇਹ ਮਹੱਤਵਪੂਰਨ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖਣ ਦਾ ਫੈਸਲਾ ਕਰਨਾ ਪਿਆ ਹੈ । ਸਾਨੂੰ ਇਹ ਜਾਣਕਾਰੀ ਵੀ ਹੈ ਕਿ ਹੋਣ ਵਾਲੀ ਪੰਥਕ ਇਕੱਤਰਤਾ ਲਈ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਿੱਖ ਕੌਮ ਵਿਚ ਬਹੁਤ ਵੱਡਾ ਉਤਸਾਹ ਹੈ ਅਤੇ ਕੌਮ ਇਸ ਦਿਸ਼ਾ ਵੱਲ ਫੈਸਲਾਕੁੰਨ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਣ ਲਈ ਉਤਾਵਲੀ ਹੈ । ਸਿੱਖ ਕੌਮ ਦੀਆਂ ਅਤੇ ਪੰਥਕ ਜਥੇਬੰਦੀਆਂ ਦੀਆਂ ਭਾਵਨਾਵਾਂ ਅਨੁਸਾਰ ਵਿਚਾਰਾਂ ਕਰਦੇ ਹੋਏ 17 ਸਤੰਬਰ ਦੀ ਹੋਣ ਵਾਲੀ ਇਸ ਇਕੱਤਰਤਾ ਵਿਚ ਸਰਬਸੰਮਤੀ ਨਾਲ ਫੈਸਲੇ ਕਰਦੇ ਹੋਏ ਹੀ ਮੰਜਿਲ ਵੱਲ ਵੱਧਿਆ ਜਾਵੇਗਾ । ਇਸ ਲਈ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਅਤਿ ਸੰਜ਼ੀਦਾ ਅਪੀਲ ਹੈ ਕਿ ਉਹ ਇਸ ਵੱਡੇ ਪੰਥਕ ਮਿਸ਼ਨ ਦੀ ਪ੍ਰਾਪਤੀ ਲਈ ਪਹਿਲੇ ਨਾਲੋ ਵੀ ਵਧੇਰੇ ਉਤਸਾਹ, ਦੂਰਅੰਦੇਸ਼ੀ ਅਤੇ ਪੰਥਕ ਏਕਤਾ ਦੀ ਭਾਵਨਾ ਨੂੰ ਪੂਰਨ ਕਰਦੇ ਹੋਏ, ਕੌਮੀ ਅਨੁਸਾਸਨ ਵਿਚ ਰਹਿੰਦੇ ਹੋਏ 17 ਸਤੰਬਰ ਨੂੰ ਹੁੰਮ-ਹੁੰਮਾਕੇ ਪਹੁੰਚਣ ਤਾਂ ਕਿ ਅਸੀਂ ਸਮੂਹਿਕ ਪੰਥਕ ਏਕਤਾ ਦਾ ਸਬੂਤ ਦਿੰਦੇ ਹੋਏ ਜਿਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਕਰਨ ਵਾਲੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਦੇ ਹੋਏ ਸਜ਼ਾਵਾਂ ਦਿਵਾ ਸਕੀਏ, ਉਥੇ ਇਸੇ ਭਾਵਨਾ ਨਾਲ ਅਜੋਕੇ ਸੰਜੀਦਾ ਪੰਥਕ ਅਤੇ ਕੌਮੀ ਮੁੱਦਿਆ ਦਾ ਵੀ ਹੱਲ ਕਰ ਸਕੀਏ ।