ਮੁੱਖ ਮੰਤਰੀ ਚੰਨੀ ਵੱਲੋਂ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਐਲਾਨ

TeamGlobalPunjab
2 Min Read

ਲੁਧਿਆਣਾ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ਸ਼੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਉਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕਾਂ ਸੁਰਿੰਦਰ ਡਾਵਰ, ਸੰਜੇ ਤਲਵਾੜ ਅਤੇ ਕੁਲਦੀਪ ਸਿੰਘ ਵੈਦ ਅਤੇ ਵੱਖ-ਵੱਖ ਉੱਘੀਆਂ ਸਖਸ਼ੀਅਤਾਂ ਦੇ ਨਾਲ ਮੁੱਖ ਮੰਤਰੀ ਅੱਜ ਰੱਥ ਯਾਤਰਾ ਮੌਕੇ ਨਤਮਸਤਕ ਹੋਏ।

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਦੇ ਇਸਕਾਨ ਮੰਦਿਰ ਲਈ 2.51 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।

ਸ੍ਰੀ ਦੁਰਗਾ ਮਾਤਾ ਮੰਦਰ ਨੇੜੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਸਤਿਕਾਰ ਵਜੋਂ ਪੰਜਾਬ ਸਰਕਾਰ ਵੱਲੋਂ ਹਰ ਸਾਲ ਸ੍ਰੀ ਕ੍ਰਿਸ਼ਨ ਬਲਰਾਮ ਰੱਥ ਯਾਤਰਾ ਨੂੰ ‘ਰਾਜ ਉਤਸਵ’ ਵਜੋਂ ਮਨਾਇਆ ਜਾਵੇਗਾ।

ਭਗਵਤ ਗੀਤਾ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਲਗਭਗ 25 ਸਾਲ ਪਹਿਲਾਂ ਕੌਂਸਲਰ ਬਣੇ ਸਨ ਤਾਂ ਇੱਕ ਨੇਕ ਰੂਹ ਨੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਲਈ ਪਵਿੱਤਰ ਭਗਵਦ ਗੀਤਾ ਦਾ ਇੱਕ ਸਲੋਕ ਹਰ ਰੋਜ਼ ਪੜ੍ਹਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਪਵਿੱਤਰ ਗੀਤਾ ਨੇ ਉਨ੍ਹਾਂ ਦੇ ਜੀਵਨ ਨੂੰ ਸੇਧ ਦਿੱਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਵੀ ਭਗਵਦ ਗੀਤਾ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਗੀਤਾ ਵਿੱਚ ਲਿਖੇ ਸ਼ਲੋਕਾਂ ਵਿੱਚੋਂ ਕੋਈ ਵਿਅਕਤੀ ਕਿਸੇ ਇੱਕ ਸ਼ਲੋਕ ਨੂੰ ਧਾਰਨ ਕਰ ਸਕਦਾ ਹੈ, ਤਾਂ ਇਹ ਜੀਵਨ ਵਿੱਚ ਸਫ਼ਲ ਹੋਣ ਲਈ ਕਾਫ਼ੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿਖੇ 20 ਏਕੜ ਜ਼ਮੀਨ ‘ਤੇ ਸ੍ਰੀ ਭਗਵਦ ਗੀਤਾ ਅਤੇ ਰਾਮਾਇਣ ਖੋਜ ਕੇਂਦਰ ਵਿਕਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਗੀਤਾ ਪ੍ਰੇਰਨਾ ਦਾ ਸਭ ਤੋਂ ਵੱਡਾ ਸਰੋਤ ਹੈ ਜੋ ਸਾਨੂੰ ਸਾਡੇ ਜੀਵਨ ਦੀ ਬਿਹਤਰੀ ਵੱਲ ਸੇਧ ਦਿੰਦੀ ਹੈ। ਉਨ੍ਹਾਂ ਕਿਹਾ ਕਿ “ਰਾਮਾਇਣ, ਮਹਾਭਾਰਤ ਅਤੇ ਭਗਵਦ ਗੀਤਾ ਦੇ ਮਹਾਂਕਾਵਿ ਗ੍ਰੰਥਾਂ ਵਿੱਚ ਗਿਆਨ ਦੁਆਰਾ ਸਾਡੇ ਵਿਵੇਕ ਵਿੱਚ ਹੋਰ ਵਾਧਾ ਕਰਨ ਲਈ, ਪਟਿਆਲਾ ਵਿੱਚ ਇੱਕ ਵਿਸ਼ੇਸ਼ ਖੋਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ।

Share This Article
Leave a Comment