ਡੇਰਾ ਬਾਬਾ ਨਾਨਕ: ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਉਤੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕੈਬਨਿਟ ਮੰਤਰੀਆਂ ਅਤੇ ਹੋਰ ਪਤਵੰਤਿਆਂ ਦਾ ਜਥਾ ਅੱਜ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ।
ਮੁੱਖ ਮੰਤਰੀ ਜਿਨ੍ਹਾਂ ਨਾਲ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਸ੍ਰੀ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ, ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉਤੇ ਪਾਕਿਸਤਾਨ ਸਥਿਤ ਨਾਰੋਵਾਲ ਵਿਖੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਦੁਪਹਿਰ ਇਕ ਵਜੇ ਸਰਹੱਦ ਪਾਰ ਕੀਤੀ।
Feeling extremely blessed to get an opportunity to pay obeisance at Sri Kartarpur Sahib in Pakistan to commemorate 552nd Parkash Purab of Guru Nanak Dev ji. Praying for ‘Chardi Kala’ & ‘Sarbat Da Bhala’. Lets follow Guru ji’s teachings of love, peace, secularism & brotherhood. pic.twitter.com/ssn2RhsDYt
— Charanjit S Channi (@CHARANJITCHANNI) November 18, 2021
ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹ ਜਾਣ ਨੂੰ ਇਤਿਹਾਸਕ ਪਲ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹ ਬਹੁਤ ਖੁਸ਼ਨੁਮਾ ਮੌਕਾ ਹੈ ਕਿਉਂ ਜੋ ਇਹ ਲਾਂਘਾ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸਹੂਲਤ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਸ ਨਾਲ ਸਿੱਖ ਸੰਗਤ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ ਅਤੇ ਹੁਣ ਉਹ ਬਿਨਾ ਕਿਸੇ ਰੁਕਾਵਟ ਤੋਂ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲਾਂਘਾ ਮੁੜ ਖੁੱਲ੍ਹਣ ਨਾਲ ਭਾਰਤੀ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਮਹਿਜ਼ ਪਰਮਿਟ ਹਾਸਲ ਕਰਨ ਨਾਲ ਵੀਜ਼ਾ-ਮੁਕਤ ਜਾਣ ਦੀ ਸਹੂਲਤ ਮਿਲੇਗੀ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਨ੍ਹਾਂ ਨੂੰ ਜਥੇ ਦੇ ਰੂਪ ਵਿਚ ਜਾ ਰਹੀ ਸੰਗਤ ਦਾ ਹਿੱਸਾ ਬਣਨ ਦਾ ਸੁਭਾਗ ਹਾਸਲ ਹੋਇਆ ਹੈ ਕਿਉਂ ਜੋ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਕਰਨ ਦੀ ਮੰਗ ਸੱਤ ਦਹਾਕਿਆਂ ਦੇ ਲੰਮੇ ਸਮੇਂ ਬਾਅਦ ਪੂਰੀ ਹੋਈ ਹੈ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦੋਵਾਂ ਪਾਸਿਆਂ ਦੀ ਖੁਸ਼ਹਾਲੀ, ਸ਼ਾਂਤੀ ਅਤੇ ਸਦਭਾਵਨਾ ਲਈ ਅਰਦਾਸ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਹਲੀਮੀ, ਏਕਤਾ, ਸ਼ਾਂਤੀ ਅਤੇ ਭਲਾਈ ਦਾ ਮਾਰਗ ਦਿਖਾਇਆ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਲਾਂਘਾ ਸਾਡੇ ਗੁਰੂ ਸਾਹਿਬ ਜੀ ਦੇ ਮਹਾਨ ਫਲਸਫੇ ਨੂੰ ਅਮਲੀਜਾਮਾ ਪਹਿਨਾਉਣ ਲਈ ਅਹਿਮ ਸਾਬਤ ਹੋਵੇਗਾ।