ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਹੀਆਂ (ਸ਼ਾਹਕੋਟ) ਵਿਖੇਂ ਨਵੀਂ ਬਣਾਈ ਜਾ ਰਹੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦਾ ਨਾਂ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ ‘ਤੇ ਰੱਖਣ ਦਾ ਐਲਾਨ ਕੀਤਾ ਹੈ।
ਸਾਬਕਾ ਹਜ਼ੂਰੀ ਰਾਗੀ ਭਾਈ ਖਾਲਸਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਈ ਖਾਲਸਾ ਦੇ ਭੋਗ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਈ ਖਾਲਸਾ ਦੇ ਪਿੰਡ ਲੋਹੀਆਂ (ਸ਼ਾਹਕੋਟ) ਵਿਖੇ ਬਣ ਰਹੀ ਨਵੀਂ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਦਾ ਨਾਂ ਭਾਈ ਖਾਲਸਾ ਦੀ ਯਾਦ ਨੂੰ ਸਦੀਵੀਂ ਬਣਾਈ ਰੱਖਣ ਲਈ ਉਨਾਂ ਦੇ ਨਾਂ ‘ਤੇ ਰੱਖਿਆ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਆਪਣੇ ਸੰਦੇਸ਼ ਵਿਚ ਲਿਖਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਨੇ ਅਨਿਨ ਸੇਵਕ, ਬਚਪਨ ਤੋਂ ਹੀ ਗੁਰਮਿਤ ਸੰਗੀਤ ਨੂੰ ਪ੍ਰਣਾਏ ਅਤੇ ਗੁਰਮਿਤ ਦੇ ਸਾਰੇ ਰਾਗਾਂ ਵਿਚ ਪ੍ਰਪੱਕ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੇ ਬੇਵਕਤੀ ਅਕਾਲ ਚਲਾਣਾ ‘ਤੇ ਉਨ੍ਹਾਂ ਨੂੰ ਡੂੰਘਾ ਦੁੱਖ ਹੈ। ਨਾਲ ਹੀ ਮੁੱਖ ਮੰਤਰੀ ਨੇ ਭਾਈ ਸਾਹਿਬ ਜੀ ਦੀ ਆਤਮਿਕ ਸਾਂਤੀ ਅਤੇ ਉਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।