ਮਲੇਰਕੋਟਲਾ : ਬੀਤੀ ਰਾਤ ਮਲੇਰਕੋਟਲਾ ਸਥਿਤ ਵਰਧਮਾਨ ਗਰੁੱਪ ਦੀ ਅਰਿਹੰਤ ਸਪਿੰਨਿਗ ਮਿੱਲ ‘ਚ ਸੈਂਕੜੇ ਮਜ਼ਦੂਰਾਂ ਵੱਲੋਂ ਪ੍ਰਬੰਧਕਾਂ ਦਾ ਵਿਰੋਧ ਕੀਤਾ ਗਿਆ। ਜਿਸ ਦੇ ਚੱਲਦਿਆਂ ਅਰਿਹੰਤ ਸਪਿੰਨਿੰਗ ਮਿੱਲ ਦੇ ਪ੍ਰਬੰਧਕਾਂ ਨੇ ਸਥਿਤੀ ਵਿਗੜਨ ‘ਤੇ ਮਲੇਰਕੋਟਲਾ ਪੁਲੀਸ ਨੂੰ ਉਕਤ ਘਟਨਾ ਬਾਰੇ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਮਲੇਰਕੋਟਲਾ ਪੁਲੀਸ ਦੇ ਐਸ ਡੀ ਐਮ ਵਿਕਰਮਜੀਤ ਸਿੰਘ ਪਾਂਥੇ, ਐਸ ਪੀ ਮਨਜੀਤ ਸਿੰਘ ਬਰਾੜ (ਮਲੇਰਕੋਟਲਾ), ਡੀ ਐਸ ਪੀ ਸੁਮਿਤ ਸੂਦ (ਮਲੇਰਕੋਟਲਾ) ਸੁਮਿਤ ਸੂਦ ਅਤੇ ਡੀ ਐਸ ਪੀ ਕਰਨਵੀਰ ਸਿੰਘ (ਅਮਰਗੜ੍ਹ) ਪੁਲੀਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ।
ਪੁਲੀਸ ਅਧਿਕਾਰੀਆਂ ਨੇ ਪਹਿਲਾਂ ਤਾਂ ਹੰਗਾਮਾਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਕੁਆਰਟਰਾਂ ਵਿਚ ਭੇਜ ਦਿੱਤਾ ਪਰੰਤੂ ਕੁੱਝ ਸਮੇਂ ਬਾਅਦ ਹੰਗਾਮਾਕਾਰੀਆਂ ਨੇ ਦੁਬਾਰਾ ਹੰਗਾਮਾ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰਾਂ ਵੱਲੋਂ ਪੁਲੀਸ ਫੋਰਸ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਐਸ ਡੀ ਐਮ ਵਿਕਰਮ ਜੀਤ ਸਿੰਘ ਪਾਂਥੇ (ਮਲੇਰਕੋਟਲਾ), ਡੀ ਐਸ ਪੀ ਸੁਮਿਤ ਸੂਦ (ਮਲੇਰਕੋਟਲਾ) ਅਤੇ ਐਸ ਪੀ ਮਲੇਰਕੋਟਲਾ ਦੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਥਾਣੇਦਾਰ ਜਸਵਿੰਦਰ ਸਿੰਘ ਫ਼ੱਟੜ ਹੋ ਗਏ। ਜਿਨ੍ਹਾਂ ਨੂੰ ਬੀਤੀ ਰਾਤ ਮਲੇਰਕੋਟਲਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੱਸ ਦਈਏ ਕਿ ਪੁਲੀਸ ਨੇ ਉਕਤ ਮਾਮਲੇ ‘ਚ 300 ਤੋਂ ਵੱਧ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੱਸ ਦਈਏ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਜ਼ਦੂਰਾਂ ਅਤੇ ਅਰਿਹੰਤ ਸਪਿੰਨਿਗ ਮਿਲ ਪ੍ਰਬੰਧਕਾਂ ਦਰਮਿਆਨ ਸਮਝੌਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।