ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 15 ਵਿੱਚ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਨਿਹੰਗਾਂ ਨੇ ਇੱਥੇ ਨਗਰ ਨਿਗਮ ਦੀ ਇਨਫੋਰਸਮੈਂਟ ਟੀਮ ‘ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ 3 ਨਿਹੰਗ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਰਦਾਈ ਦੀ ਸਟਾਲ ਹਟਾਉਣ ‘ਤੇ ਨਿਹੰਗਾਂ ਨੇ ਵਿਰੋਧ ਕੀਤਾ ਸੀ। ਨਿਹੰਗਾਂ ਨੂੰ ਚੰਡੀਗੜ੍ਹ ਅਦਾਲਤ ਵਿਖੇ ਕਰੀਬ 1:30 ਵਜੇ ਬਾਅਦ ਦੁਪਹਿਰ ਨੂੰ ਪੇਸ਼ ਕੀਤਾ ਗਿਆ ਸੀ। ਨਿਹੰਗਾਂ ਦੀ ਪਛਾਣ ਪਰਮਜੀਤ ਸਿੰਘ, ਸ਼ਤਰੂਘਨ ਸਿੰਘ ਅਤੇ ਸਤਿੰਦਰ ਸਿੰਘ ਵਜੋਂ ਹੋਈ ਹੈ।
ਇਨਫੋਰਸਮੈਂਟ ਟੀਮ ਸੈਕਟਰ-15 ਮਾਰਕੀਟ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਲਈ ਪਹੁੰਚੀ ਸੀ। ਪਰ ਇਸ ਦੌਰਾਨ ਟੀਮ ‘ਤੇ ਨਿਹੰਗਾਂ ਨੇ ਹਮਲਾ ਕਰ ਦਿੱਤਾ। ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਇਹ ਦੇਖਿਆ ਜਾ ਰਿਹਾ ਹੈ ਕਿ ਟੀਮ ਦੇ ਮੈਂਬਰਾਂ ‘ਤੇ ਸੜਕ ਦੇ ਵਿਚਕਾਰ ਜਨਤਕ ਤੌਰ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੌਰਾਨ, ਲੋਕ ਭੀੜ ਵਿੱਚ ਨੇੜੇ ਖੜ੍ਹੇ ਹਨ। ਲੋਕਾਂ ਨੂੰ ਇਧਰ-ਉਧਰ ਭੱਜਦੇ ਵੀ ਦੇਖਿਆ ਜਾ ਸਕਦਾ ਹੈ।