ਨਵੀਂ ਦਿੱਲੀ: 15 ਅਕਤੂਬਰ ਤੋਂ ਦੇਸ਼ ਵਿੱਚ ਸਿਨਮਾ ਘਰ 50 ਫੀਸਦੀ ਸਮਰੱਥਾ ਨਾਲ ਖੁੱਲ੍ਹ ਜਾਣਗੇ। ਜਿਸ ਨੂੰ ਲੈ ਕੇ ਸੂਚਨਾ ਤੇ ਪ੍ਰਸਾਰ ਮੰਤਰਾਲੇ ਵੱਲੋਂ ਸੁਰੱਖਿਆ ਪ੍ਰੋਟੋਕੋਲ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਚਨਾ ਅਤੇ ਪ੍ਰਸਾਰ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਅੱਜ ਕਿਹਾ ਸਿਨੇਮਾ ਘਰ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਹਨ, ਇਹ ਹੁਣ 15 ਅਕਤੂਬਰ ਤੋਂ ਖੁੱਲ੍ਹ ਰਹੇ ਹਨ। ਲੋਕਾਂ ਦੀ ਸੁਰੱਖਿਆ ਲਈ ਅਸੀਂ ਸੁਰੱਖਿਆ ਪ੍ਰੋਟੋਕੋਲ ਤਿਆਰ ਕੀਤਾ ਹੈ ਜਿਸ ਦੀ ਪਾਲਣਾ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਸਿਨੇਮਾ ਘਰਾਂ ਨੂੰ ਕੇਵਲ 50 ਫ਼ੀਸਦ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ ਅਤੇ ਲੋਕਾਂ ਵੱਲੋਂ ਇੱਕ ਸੀਟ ਦਾ ਫਾਸਲਾ ਰੱਖਿਆ ਜਾਣਾ ਲਾਜ਼ਮੀ ਹੋਵੇਗਾ। ਸਮਾਜਿਕ ਦੂਰੀ ਲਈ ਹਰ ਦੂਸਰੀ ਸੀਟ ਖਾਲੀ ਛੱਡੀ ਜਾਵੇਗੀ। ਸਿਨਮਾ ਘਰਾਂ ਦੇ ਅੰਦਰ ਹਰ ਸਮੇਂ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।
ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਕਿਹਾ ਕਿ ਟਿਕਟਾਂ ਦੀ ਆਨਲਾਈਨ ਬੁਕਿੰਗ ਨੂੰ ਪਹਿਲ ਦਿੱਤੀ ਜਾਵੇਗੀ ਪਰ ਸਿੰਗਲ ਸਕਰੀਨ ਵਾਲੇ ਸਿਨੇਮਿਆਂ ਦੇ ਟਿਕਟ ਕਾਊਂਟਰ ਖੁੱਲ੍ਹੇ ਰਹਿਣਗੇ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਪਹਿਲੇ ਸ਼ੋਅ ਦੌਰਾਨ ਸੀਟਾਂ ਖਾਲੀ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਸੈਨੇਟਰਜ਼ ਕਰਨਾ ਜ਼ਰੂਰੀ ਹੋਵੇਗਾ।