ਓਟਾਵਾ : ਮੱਧਕਾਲੀ ਚੋਣਾਂ ‘ਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਲਿਬਰਲ ਨੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਹੈ। ਲਿਬਰਲ ਲੀਡਰ ਨੇ ਗਵਰਨਰ ਜਨਰਲ ਕੋਲ ਘੱਟ ਗਿਣਤੀ ਸਰਕਾਰ ਲਈ ਆਪਣਾ ਦਾਅਵਾ ਪੇਸ਼ ਕਰਦਿਆਂ ਪੱਖ ਰੱਖਿਆ ਹੈ।
ਲਿਬਰਲ ਆਗੂ ਜਸਟਿਨ ਟਰੂਡੋ ਨੇ ਕਿਹਾ ਕਿ ਸਰਕਾਰ ‘ਚ ਉਪ ਪ੍ਰਧਾਨ ਮੰਤਰੀ ਅਤੇ ਫਾਇਨਾਂਸ ਮਨਿਸਟਰ ਮੁੜ ਕ੍ਰਿਸਟਿਆ ਫ੍ਰੀਲੈਂਡ ਹੀ ਹੋਣਗੇ।
ਮੱਧਕਾਲੀ ਚੋਣਾਂ ਤੋਂ ਬਾਅਦ ਦੂਜੀ ਵਾਰ ਪੱਤਰਕਾਰਾਂ ਨਾਲ ਰੂ-ਬ-ਰੂ ਹੁੰਦੇ ਹੋਏ ਟਰੂਡੋ ਨੇ ਦਾਅਵਾ ਕੀਤਾ ਕਿ ਨਵੀਂ ਕੈਬਨਿਟ ਅਕਤੂਬਰ ਮਹੀਨੇ ‘ਚ ਰਸਮੀ ਤੌਰ ‘ਤੇ ਸਹੁੰ ਚੁੱਕੇਗੀ ਅਤੇ ਫਾਲ ਸੀਜ਼ਨ ਸਤੰਬਰ ਤੋਂ ਨਵੰਬਰ ਦੇ ਅੰਤ ਤੋਂ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਵੇਗਾ।
ਇਸ ਤੋਂ ਇਲਾਵਾ ਸਰਕਾਰ ਦੀਆਂ ਦੋ ਅਜਿਹੀਆਂ ਤਰਜੀਹਾਂ ਵੀ ਟਰੂਡੋ ਨੇ ਸਾਂਝੀਆਂ ਕੀਤੀਆਂ ਜਿਨ੍ਹਾਂ ਲਈ ਪਾਰਲੀਮੈਂਟ ਦੀ ਮੰਜ਼ੂਰੀ ਜ਼ਰੂਰੀ ਹੋ ਸਕਦੀ ਹੈ। ਪਹਿਲਾ, ਸੂਬੇ ਦੇ ਵੈਕਸੀਨ ਪ੍ਰਮਾਣ ਪ੍ਰੋਗਰਾਮਾਂ ‘ਚ ਵਿੱਤੀ ਮਦਦ ਲਈ 1 ਬਿਲੀਅਨ ਡਾਲਰ ਦਾ ਫ਼ੰਡ ਅਤੇ ਦੂਸਰਾ ਵੈਕਸੀਨ-ਵਿਰੋਧੀ ਗਰੁੱਪਾਂ ਵੱਲੋਂ ਹਸਪਤਾਲਾਂ ਦੇ ਬਾਹਰ ਅੜਿੱਕੇ ਡਾਹੁਣ ਵਰਗੇ ਮੁਜ਼ਾਹਰਿਆਂ ਦਾ ਅਪਰਾਧੀਕਰਣ ਕਰਨ ਲਈ ਕਾਨੂੰਨ ਬਣਾਉਣਾ।
ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਬੇਸ਼ਕ ਜਸਟਿਨ ਟਰੂਡੋ ਦੀ ਪਾਰਟੀ 158 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਹੈ,ਪਰ ਸਰਕਾਰ ਬਣਾਉਣ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਮੰਨਿਆ ਜਾ ਰਿਹਾ ਹੈ ਕਿ ਜਗਮੀਤ ਸਿੰਘ ਦੀ ਐਨਡੀਪੀ ਪਹਿਲਾਂ ਵਾਂਗ ਲਿਬਰਲ ਪਾਰਟੀ ਨੂੰ ਹਿਮਾਇਤ ਦੇਵੇਗੀ। ਜਗਮੀਤ ਦੀ ਹਿਮਾਇਤ ਨਾਲ ਸਰਕਾਰ ਬਣੇਗੀ। ਟਰੂਡੋ ਸਰਕਾਰ ਦੀ ਨਵੀਂ ਕੈਬਨਿਟ ‘ਚ ਕੁਝ ਪੰਜਾਬੀ ਚਿਹਰੇ ਮੁੜ ਸ਼ਾਮਲ ਹੋਣਗੇ।
ਦੱਸ ਦਈਏ ਕਿ ਇਸ ਵਾਰ ਦੀਆਂ ਫੈਡਰਲ ਚੋਣਾਂ ਵਿਚ ਟਰੂਡੋ ਦੀ ਅਗਵਾਈ ਲਿਬਰਲ ਪਾਰਟੀ 158 ਸੀਟਾਂ ਜਿੱਤੀ ਹੈ ।
ਕੰਜ਼ਰਵੇਟਿਵ ਪਾਰਟੀ 119 ਸੀਟਾਂ, ਬਲੌਕ ਕਿਊਬੀਕੌਸ ਪਾਰਟੀ 34 ਸੀਟਾਂ , ਜਗਮੀਤ ਸਿੰਘ ਦੀ ਐਨਡੀਪੀ 25 ਸੀਟਾਂ ਅਤੇ ਗਰੀਨ ਪਾਰਟੀ ਨੇ 2 ਸੀਟਾਂ ਜਿੱਤੀਆਂ ਹਨ।
ਇਸ ਤੋਂ ਇਲਾਵਾ ਦੀ ਨਵੀਂ ਚੁਣੀ ਸਰਕਾਰ ਦਾ ਪਹਿਲਾ ਕੰਮ ਮੁਸਾਫ਼ਰਾਂ ਲਈ ਵੈਕਸੀਨੇਸ਼ਨ ਲਾਜ਼ਮੀ ਕਰਨਾ ਹੋਵੇਗਾ।