ਨਿਊਜ਼ ਡੈਸਕ: ਚੀਨ ਨੇ ਦੇਸ਼ ‘ਚ ਲਗਾਤਾਰ ਬਜ਼ੁਰਗਾਂ ਦੀ ਵੱਧ ਰਹੀ ਆਬਾਦੀ ਤੋਂ ਪਰੇਸ਼ਾਨ ਹੋ ਕੇ ਹੁਣ ਨਾਗਰਿਕਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰੀ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪ੍ਰਧਾਨਗੀ ਹੇਠ ਹੋਈ ਇੱਕ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ।
ਹਾਲ ਹੀ ‘ਚ ਚੀਨ ਦੀ ਆਬਾਦੀ ਦੇ ਅੰਕੜੇ ਸਾਹਮਣੇ ਆਏ ਸਨ, ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਚੀਨ ਵਿੱਚ ਆਬਾਦੀ ਦਾ ਇੱਕ ਵੱਡਾ ਹਿੱਸਾ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੀ ਸਥਿਤੀ ਵਿੱਚ ਚੀਨ ਨੂੰ ਭਵਿੱਖ ਵਿੱਚ ਚਿੰਤਾਵਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਣਾ ਪਿਆ।
ਚੀਨ ਹੌਲੀ-ਹੌਲੀ ਆਪਣੀ ਸਖਤ ਜਨਮ ਨੀਤੀ ਵਿਚ ਸੁਧਾਰ ਕਰ ਰਿਹਾ ਹੈ। ਜਿਸ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਸਿਰਫ ਇਕੋ ਬੱਚਾ ਹੋਣ ਤੱਕ ਸੀਮਤ ਕਰ ਦਿੱਤਾ ਸੀ। ਦੂਸਰਾ ਬੱਚਾ ਪੈਦਾ ਕਰਨ ਦੀ ਇਜਾਜ਼ਤ 2016 ‘ਚ ਦਿੱਤੀ ਗਈ ਸੀ।
ਦਰਅਸਲ, ਚੀਨ ਦੀ ਆਬਾਦੀ 2019 ਦੇ ਹਿਸਾਬ ਨਾਲ 0.53 ਫ਼ੀਸਦੀ ਵਧਕੇ 1.41178 ਅਰਬ ਹੋ ਗਈ ਹੈ, ਹਾਲਾਂਕਿ ਇਸ ਦੇ ਅਗਲੇ ਸਾਲ ਦੀ ਸ਼ੁਰੂਆਤ ‘ਚ ਘਟਣ ਦਾ ਅਨੁਮਾਨ ਹੈ।