ਚਾਰਲੀ ਚੈਪਲਿਨ ਵਰਗੀ ਮਹਾਨ ਹਸਤੀ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ ਜਦੋਂ ਵੀ ਅਸੀਂ ਉਸ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਇੱਕ ਅਜਿਹੇ ਵਿਅਕਤੀ ਦੀ ਯਾਦ ਆਉਂਦੀ ਹੈ, ਜਿਸ ਨੇ ਆਪਣੀ ਸਾਰੀ ਉਮਰ ਸਾਨੂੰ ਹਸਾਉਣ ‘ਚ ਬਤੀਤ ਕਰ ਦਿੱਤੀ।
ਚਾਰਲੀ ਚੈਪਲਿਨ ਦੀ ਪੋਤੀ ਕਾਰਮੇਨ ਉਨ੍ਹਾਂ ‘ਤੇ ਇਕ ਡਾਕਿਉਮੈਂਟਰੀ ਨਿਰਦੇਸ਼ਿਤ ਕਰਨ ਵਾਲੀ ਹੈ। ਫਿਲਮ ਦਾ ਨਾਮ ‘ਚਾਰਲੀ ਚੈਪਲਿਨ, ਅ ਮੈਨ ਆਫ ਦੀ ਵਰਲਡ’ ਹੋਵੇਗਾ। ਇਸਦੇ ਨਾਲ, ਤੁਸੀਂ ਮਹਾਨ ਕਾਮੇਡੀਅਨ ਦੇ ਜੀਵਨ ਨਾਲ ਜੁੜੀਆਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਜਾਣ ਸਕੋਗੇ, ਜਿਸ ਤੋਂ ਹੁਣ ਤੱਕ ਤੁਸੀਂ ਅਣਜਾਣ ਸੀ ਇਹ ਫਿਲਮ ਅਗਲੇ ਸਾਲ ਤੱਕ ਰਿਲੀਜ਼ ਕੀਤੀ ਜਾਵੇਗੀ।
ਦੱਸ ਦੇਈਏ ਚਾਰਲੀ ਦੀਆਂ ਫਿਲਮਾਂ ਦੇ ਕਮਿਊਨਿਸਟ ਵਿਚਾਰਾਂ ਕਾਰਨ ਅਮਰੀਕਾ ਨੇ ਉਸ ‘ਤੇ ਬੈਨ ਲਗਾ ਦਿੱਤਾ ਸੀ। ਇਸਦੇ ਬਾਵਜੂਦ, ਉਸਨੂੰ 1973 ਵਿੱਚ ਆਸਕਰ ਪੁਰਸਕਾਰ ਮਿਲਿਆ। ਚਾਰਲੀ ਚੈਪਲਿਨ ਫਿਲਮਾਂ ਦੀ ਦੁਨੀਆ ਦਾ ਇਕ ਅਮਰ ਨਾਮ ਹੈ।
ਚਾਰਲੀ ਦਾ ਜਨਮ 16 ਅਪ੍ਰੈਲ 1889 ਨੂੰ ਲੰਡਨ ਵਿੱਚ ਹੋਇਆ ਸੀ ਤੇ 1977 ‘ਚ ਕ੍ਰਿਸਮਿਸ ਦੇ ਦਿਨ 88 ਸਾਲ ਦੀ ਉਮਰ ‘ਚ ਉਸਦੀ ਮੌਤ ਹੋ ਗਈ ਸੀ। ਚੈਪਲਿਨ ਨੂੰ ਦਫ਼ਨਾਏ ਜਾਣ ਤੋਂ ਤਿੰਨ ਮਹੀਨੇ ਬਾਅਦ ਉਸਦੀ ਲਾਸ਼ ਕਬਰ ਤੋਂ ਚੋਰੀ ਹੋ ਗਈ ਸੀ। ਚੋਰਾਂ ਨੇ ਅਜਿਹਾ ਉਸ ਦੇ ਪਰਿਵਾਰ ਤੋਂ ਪੈਸਾ ਵਸੂਲਣ ਲਈ ਕੀਤਾ ਸੀ।
ਚਾਰਲੀ ਚੈਪਲਿਨ ਦਾ ਬਚਪਨ ਬਹੁਤ ਮੁਸ਼ਕਲਾਂ ਤੇ ਗਰੀਬੀ ਨਾਲ ਭਰਿਆ ਹੋਇਆ ਸੀ। ਉਸਦੇ ਬੇਪਰਵਾਹ ਤੇ ਸ਼ਰਾਬੀ ਪਿਤਾ ਕਾਰਨ ਉਸਦਾ ਪਰਿਵਾਰ ਬਰਬਾਦ ਹੋ ਗਿਆ ਸੀ। ਚੈਪਲਿਨ ਦੀ ਮਾਂ ਪਾਗਲਪਨ ਦਾ ਸ਼ਿਕਾਰ ਹੋ ਗਈ ਨਤੀਜੇ ਵਜੋਂ, ਚੈਪਲਿਨ ਨੂੰ ਸੱਤ ਸਾਲ ਦੀ ਉਮਰ ‘ਚ ਇੱਕ ਆਸ਼ਰਮ ਜਾਣਾ ਪਿਆ।
ਚੈਪਲਿਨ ਸਕੂਲ ਛੱਡਣ ਤੋਂ ਬਾਅਦ 13 ਸਾਲ ਦੀ ਉਮਰ ‘ਚ ਮਨੋਰੰਜਨ ਦੀ ਦੁਨੀਆਂ ਵਿੱਚ ਆਇਆ ਸੀ। ਚੈਪਲਿਨ ਨੇ ਡਾਂਸ ਦੇ ਨਾਲ ਸਟੇਜ ਪਲੇਅ ‘ਚ ਵੀ ਹਿੱਸਾ ਲਿਆ। ਇਸ ਤੋਂ ਬਾਅਦ, ਚੈਪਲਿਨ ਨੂੰ ਅਮਰੀਕੀ ਫਿਲਮ ਸਟੂਡੀਓ ਲਈ ਚੁਣਿਆ ਗਿਆ। ਇਥੋਂ ਚੈਪਲਿਨ ਦੁਨੀਆ ਭਰ ਵਿੱਚ ਸਾਈਲੈਂਟ ਫਿਲਮਾਂ ਦੇ ਬਾਦਸ਼ਾਹ ਦੇ ਰੂਪ ‘ਚ ਸਾਹਮਣੇ ਆਏ।