ਚੰਡੀਗੜ੍ਹ: ਭਖੇ ਹੋਏ ਚੋਣ ਦੰਗਲ ‘ਚ ਸਿਆਸੀ ਬਿਆਨਬਾਜੀਆਂ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਇਸ ਦਰਮਿਆਨ ਸਿਆਸਤਦਾਨ ਆਪਣੇ ਵਿਰੋਧੀਆਂ ਨੂੰ ਹਰ ਮਸਲੇ ‘ਤੇ ਘੇਰ ਰਹੇ ਹਨ। ਇਸੇ ਦਰਮਿਆਨ ਬੀਤੇ ਦਿਨੀਂ ਜੰਮੂ ਦੇ ਪੁੰਛ ‘ਚ ਹੋਏ ਅੱਤਵਾਦੀ ਹਮਲੇ ‘ਤੇ ਬੋਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਇਸ ਨੂੰ ਭਾਜਪਾ ਦਾ ਸਿਆਸੀ ਸਟੰਟ ਦੱਸਿਆ ਸੀ। ਇਸ ਮਸਲੇ ‘ਤੇ ਹੁਣ ਚੰਨੀ ਨੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੁਰੱਖਿਆ ਜਵਾਨਾਂ ‘ਤੇ ਸਾਨੂੰ ਮਾਨ ਹੈ।
ਚਰਨਜੀਤ ਸਿੰਘ ਚੰਨੀ ਨੇ ਫਿਰ ਤੋਂ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਪਿਛਲੀਆਂ ਚੋਣਾਂ ਤੋਂ ਪਹਿਲਾਂ ਫੌਜ ‘ਤੇ ਹਮਲਾ ਹੋਇਆ ਸੀ ਜਿਸ ‘ਚ 40 ਜਵਾਨ ਸ਼ਹੀਦ ਹੋਏ ਸਨ ਸਰਕਾਰ ਬਣੀ ਅਤੇ ਹੁਣ ਮੁੜ ਚੋਣਾਂ ਆ ਗਈਆਂ ਹਨ ਪਰ ਅਜੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਉਹ ਹਮਲਾ ਕਿਸ ਨੇ ਕਰਵਾਇਆ ਸੀ । ਚੰਨੀ ਨੇ ਕਿਹਾ ਕਿ ਹੁਣ ਚੋਣਾਂ ਆਈਆਂ ਹਨ ਫੌਜੀ ਸ਼ਹੀਦ ਹੋਏ ਹਨ ਅਤੇ ਮੈਂ ਪੁੱਛਦਾ ਹਾਂ ਕਿ ਇਹ ਕੌਣ ਲੋਕ ਹਨ ਜਿਹੜੇ ਚੋਣਾਂ ਸਮੇਂ ਹਮਲਾ ਕਰਦੇ ਹਨ।
ਸਾਬਕਾ ਸੀਐੱਮ ਨੇ ਕਿਹਾ ਕਿ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਸਿਆਸੀ ਪਾਰਟੀਆਂ ਇਹ ਸਟੰਟ ਖੇਡਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਹਮਲੇ ਸੋਚੀ ਸਮਝੀ ਸਾਜਿਸ਼ ਤਹਿਤ ਹੋ ਰਹੇ ਹਨ। ਜਿਸ ਦਾ ਫਾਇਦਾ ਭਾਜਪਾ ਲੈਣਾ ਚਾਹੁੰਦੀ ਹੈ ਅਤੇ ਇਸ ‘ਚ ਕੋਈ ਸੱਚਾਈ ਨਹੀਂ ਹੈ । ਚੰਨੀ ਨੇ ਕਿਹਾ ਕਿ ਭਾਜਪਾ ਲਾਸ਼ਾਂ ਨਾਲ ਖੇਡਣਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਸਾਬਕਾ ਗਵਰਨਰ ਸਤਿਆਪਾਲ ਮਲਿਕ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਵੀ ਅਜਿਹੇ ਹਮਲਿਆਂ ਨੂੰ ਸਿਆਸੀ ਹਮਲੇ ਕਿਹਾ ਸੀ ਜਿਹੜੇ ਦੁਬਾਰਾ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਖੂਫੀਆ ਤੰਤਰ ਕਿੱਥੇ ਹੈ ਇਸ ਬਾਰੇ ਪਤਾ ਕਿਉਂ ਨਹੀਂ ਲਗਾਇਆ ਜਾ ਰਿਹਾ ਕਿ ਚੋਣਾਂ ਦੇ ਨਜਦੀਕ ਹਮਲੇ ਕਿਉਂ ਹੋ ਰਹੇ ਹਨ।
ਉੱਧਰ ਦੂਜੇ ਪਾਸੇ ਭਾਜਪਾ ਦੇ ਨਵੇਂ ਬਣੇ ਆਗੂ ਸੁਨੀਲ ਜਾਖੜ ‘ਤੇ ਵੀ ਚੰਨੀ ਨੇ ਇਸ ਮੌਕੇ ਤੰਜ ਕਸਿਆ ਹੈ।ਉਨ੍ਹਾਂ ਕਿਹਾ ਕਿ ਗਵਰਨਰ ਸੱਤਿਆਪਾਲ ਮਲਿਕ ਨੇ ਪਿਛਲੀਆਂ ਚੋਣਾਂ ਸਮੇਂ ਹੋਏ ਹਮਲੇ ਦੀ ਰਿਪੋਰਟ ਕੇਂਦਰ ਨੂੰ ਦਿੱਤੀ ਸੀ ਤਾਂ ਅਜੇ ਤੱਕ ਉਸ ‘ਤੇ ਕਾਰਵਾਈ ਕਿਉਂ ਨਹੀਂ ਹੋਈ। ਜਾਖੜ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਜਦੋਂ ਉਹ ਕਾਂਗਰਸ ‘ਚ ਸਨ ਤਾਂ ਉਨ੍ਹਾਂ 40 ਫੌਜੀਆਂ ਦੇ ਸ਼ਹੀਦ ਹੋਣ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਅਸਤੀਫਾ ਮੰਗਿਆ ਸੀ ਪਰ ਹੁਣ ਉਹ ਖੁਦ ਭਾਜਪਾ ‘ਚ ਹਨ ਅਤੇ ਚੁੱਪ ਹਨ ਕਿਉਂ?