ਚੰਡੀਗੜ੍ਹ ਨਿਗਮ ਦੀ ਮੀਟਿੰਗ ‘ਚ ਜ਼ਬਰਦਸਤ ਹੰਗਾਮਾਂ, ਇਸ ਗੱਲ ਤੋਂ ਨਾਰਾਜ਼ ਮੈਂਬਰਾਂ ਦੀ ਹੋਈ ਹੱਥੋਪਾਈ

Global Team
3 Min Read

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਭਾਰੀ ਹੰਗਾਮਾ ਹੋ ਗਿਆ। ਨੀਂਹ ਪੱਥਰ ਦੀ ਪਲੇਟ ‘ਤੇ ਨਾਮ ਲਿਖਣ ਨੂੰ ਲੈ ਕੇ ਸ਼ੁਰੂ ਹੋਈ ਗੱਲਬਾਤ ਹੱਥੋਪਾਈ ਤੱਕ ਪਹੁੰਚ ਗਈ। ਭਾਜਪਾ ਕੌਂਸਲਰ ਸੌਰਭ ਜੋਸ਼ੀ ਤੇ ਕਾਂਗਰਸੀ ਕੌਂਸਲਰ ਸਚਿਨ ਗਾਲਿਬ ਆਪਸ ‘ਚ ਭਿੜ ਗਏ। ਹਾਲਾਤ ਵਿਗੜਦੇ ਵੇਖ ਹੋਰ ਕੌਂਸਲਰਾਂ ਨੇ ਵਿਚਾਲੇ ਆ ਕੇ ਮਾਮਲਾ ਠੰਢਾ ਕਰਵਾਇਆ।

ਇਹ ਮਸਲਾ ਭਾਜਪਾ ਕੌਂਸਲਰ ਗੁਰਬਖ਼ਸ਼ ਰਾਵਤ ਵੱਲੋਂ ਚੁੱਕਿਆ ਗਿਆ ਸੀ। ਉਹਨਾਂ ਕਿਹਾ ਕਿ ਨੀਂਹ ਪੱਥਰ ਦੀ ਪਲੇਟ ‘ਤੇ ਕੌਂਸਲਰ, ਮੇਅਰ ਤੇ ਡਿਪਟੀ ਮੇਅਰ ਦਾ ਨਾਮ ਨਹੀਂ ਲਿਖਿਆ ਜਾ ਰਿਹਾ। ਗੁਰਬਖ਼ਸ਼ ਰਾਵਤ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਦੇ ਵਾਰਡ ਵਿੱਚ ਲਗੇ ਪੋਲਾਂ ‘ਤੇ ਵੀ ਉਹਨਾਂ ਦਾ ਨਾਮ ਨਹੀਂ ਹੈ ਤੇ ਅਜਿਹੇ ਸਮਾਗਮਾਂ ਵਿੱਚ ਕੌਂਸਲਰਾਂ ਨੂੰ ਬੁਲਾਇਆ ਵੀ ਨਹੀਂ ਜਾ ਰਿਹਾ।

ਗੱਲਬਾਤ ਦੌਰਾਨ ਮਾਮਲਾ ਨਿੱਜੀ ਇਲਜ਼ਾਮਾਂ ਤੋਂ ਅੱਗੇ ਵਧਦਾ ਹੋਇਆ 1984 ਦੇ ਸਿੱਖ ਕਤਲਿਆਮ ਤੱਕ ਪਹੁੰਚ ਗਿਆ। ਇਸ ਦੌਰਾਨ ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਕਾਂਗਰਸ ਸਾਂਸਦ ਮਨੀਸ਼ ਤਿਵਾਰੀ ‘ਤੇ ਸਿੱਧਾ ਨਿਸ਼ਾਨਾ ਸਾਧਿਆ। ਉਹਨਾਂ ਸਾਂਸਦ ਦੀ ਨੇਮ ਪਲੇਟ ਚੁੱਕ ਕੇ ਕਿਹਾ ‘ਸਾਂਸਦ ਸਾਹਿਬ ਰਹਿੰਦੇ ਕਿੱਥੇ ਨੇ? ਇਹ ਤਾਂ ਸਿਰਫ਼ ਸ਼ਨੀਵਾਰ-ਐਤਵਾਰ ਵਾਲੇ ਸਾਂਸਦ ਨੇ।’ ਇਸ ਗੱਲ ‘ਤੇ ਕਾਂਗਰਸੀ ਕੌਂਸਲਰ ਸਚਿਨ ਗੁੱਸੇ ‘ਚ ਆ ਗਏ ਤੇ ਦੋਵਾਂ ਵਿਚ ਹੱਥੋਪਾਈ ਹੋ ਗਈ।

ਇਸ ਤੋਂ ਪਹਿਲਾਂ ਸੀਨੀਅਰ ਡਿਪਟੀ ਮੇਅਰ ਜਸਬੀਰ ਬੰਟੀ ਨੇ ਟੇਬਲ ਐਜੈਂਡੇ ‘ਤੇ ਸਵਾਲ ਉਠਾਏ। ਕਮਿਊਨਟੀ ਸੈਂਟਰ ਦੀ ਬੁਕਿੰਗ ਮਾਮਲੇ ‘ਚ ਕੌਂਸਲਰ ਪ੍ਰੇਮ ਲਤਾ ਨੇ ਕਿਹਾ ਕਿ ਇਸ ਵਿੱਚ ਕੋਈ ਸਪਸ਼ਟਤਾ ਨਹੀਂ ਹੈ। ਇਸ ‘ਤੇ ਵੀ ਉਹਨਾਂ ਦੀ ਮੇਅਰ ਨਾਲ ਬਹਿਸ ਹੋ ਗਈ।

ਬੈਠਕ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕੂੜਾ ਇਕੱਠਾ ਕਰਨ ਲਈ ਇੱਕ ਕੰਪਨੀ ਨਾਲ ਕੀਤੇ ਗਏ ਸਮਝੌਤੇ ਨੂੰ ਆਖਰਕਾਰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਲਈ ਇੱਕ ਪ੍ਰਸਤਾਵ ਜਨਰਲ ਹਾਊਸ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਇਸਨੂੰ ਪਾਸ ਕਰ ਦਿੱਤਾ ਗਿਆ ਸੀ।

ਇਹ ਸਮਝੌਤਾ ਕਈ ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਤਿਆਰ ਕੀਤਾ ਗਿਆ ਸੀ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੂੜਾ ਇਕੱਠਾ ਕਰਨ ਵਾਲੀ ਕੰਪਨੀ ਦੇ ਕਰਮਚਾਰੀਆਂ ਅਤੇ ਜਨਤਾ ਦੇ ਹਿੱਤ ਵਿੱਚ ਫੈਸਲੇ ਲਏ ਗਏ ਹਨ। ਪ੍ਰਸਤਾਵ ਪੇਸ਼ ਹੁੰਦੇ ਹੀ ਕੌਂਸਲਰ ਜਸਮਨਪ੍ਰੀਤ ਸਿੰਘ ਅਤੇ ਡਿਪਟੀ ਮੇਅਰ ਤਰੁਣਾ ਮਹਿਤਾ ਵੱਲੋਂ ਸਵਾਲ ਉਠਾਏ ਗਏ, ਜਿਨ੍ਹਾਂ ਦੇ ਜਵਾਬ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਉਹ ਪਹਿਲਾਂ ਹੀ ਉਨ੍ਹਾਂ ਨੂੰ ਹੱਲ ਕਰ ਚੁੱਕੇ ਹਨ।

ਡਿਪਟੀ ਮੇਅਰ ਤਰੁਣਾ ਮਹਿਤਾ ਨੇ ਇਹ ਮੁੱਦਾ ਉਠਾਇਆ ਕਿ ਕੂੜਾ ਇਕੱਠਾ ਕਰਨ ਵਾਲੇ ਕਈ ਥਾਵਾਂ ‘ਤੇ ਸੈਂਕੜੇ ਬੈਗ ਭਰ ਕੇ ਸਟੋਰ ਕਰ ਰਹੇ ਹਨ, ਪਰ ਉਨ੍ਹਾਂ ਨੂੰ ਘਰਾਂ ਤੋਂ ਕੂੜਾ ਵੱਖ ਕਰਨਾ ਚਾਹੀਦਾ ਹੈ। ਹਾਲਾਂਕਿ, ਅਜਿਹਾ ਨਹੀਂ ਹੋ ਰਿਹਾ। ਨਗਰ ਨਿਗਮ ਦੀ ਅਧਿਕਾਰੀ ਇੰਦਰਦੀਪ ਕੌਰ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ₹500 ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਨੂੰ ਬਰਖਾਸਤ ਕੀਤਾ ਜਾਵੇਗਾ।

Share This Article
Leave a Comment