ਨਵੀਂ ਦਿੱਲੀ: ਉੱਤਰ-ਪੱਛਮੀ ਦਿਸ਼ਾ ਤੋਂ ਵਗਣ ਵਾਲੀਆਂ ਬਰਫੀਲੀਆਂ ਹਵਾਵਾਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਉੱਤਰੀ ਭਾਰਤ ਵਿੱਚ ਠੰਢ ਨੂੰ ਵਧਾ ਦਿੱਤਾ ਹੈ। ਫਿਲਹਾਲ ਸਰਦੀ ਦੇ ਕਹਿਰ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇੱਕ ਹਫ਼ਤੇ ਦੇ ਅੰਦਰ ਦੋ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਪੱਛਮੀ ਹਿਮਾਲੀਅਨ ਰਾਜਾਂ ਵਿੱਚ ਬਰਫ਼ਬਾਰੀ ਹੋਵੇਗੀ। ਹਿਮਾਚਲ ਪ੍ਰਦੇਸ਼ ਵਿੱਚ 7 ਜਨਵਰੀ ਤੱਕ ਮੀਂਹ ਅਤੇ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਵੀ 12 ਜ਼ਿਲ੍ਹਿਆਂ ਵਿੱਚ ਤਿੰਨ ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਦੋ ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਕੁਝ ਖੇਤਰਾਂ ਵਿੱਚ ਸੰਘਣੀ ਧੁੰਦ ਅਤੇ ਠੰਡੇ ਦਿਨ ਦੇ ਹਾਲਾਤ ਜਾਰੀ ਰਹਿਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ ਸਥਿਤੀ ਸੁਧਰਨ ਦੀ ਸੰਭਾਵਨਾ ਹੈ। 4 ਜਨਵਰੀ ਦੀ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਉੱਤਰ-ਪੱਛਮੀ ਭਾਰਤ ਦੇ ਮੌਸਮ ਵਿੱਚ ਬਦਲਾਅ ਦੀ ਭਵਿੱਖਬਾਣੀ ਕੀਤੀ ਗਈ ਹੈ। 2 ਤੋਂ 3 ਜਨਵਰੀ ਤੱਕ ਪੱਛਮੀ ਹਿਮਾਲੀਅਨ ਖੇਤਰਾਂ ‘ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ, ਜਦਕਿ 4 ਅਤੇ 5 ਜਨਵਰੀ ਨੂੰ ਮੀਂਹ ਅਤੇ ਬਰਫਬਾਰੀ ‘ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।
IMD ਦੇ ਅਨੁਸਾਰ, ਪੱਛਮੀ ਰਾਜਸਥਾਨ ਤੋਂ ਲੈ ਕੇ ਹਰਿਆਣਾ ਅਤੇ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੇਰੇ ਸੰਘਣੀ ਧੁੰਦ ਛਾਈ ਰਹੀ ਅਤੇ ਵਿਜ਼ੀਬਿਲਟੀ 50 ਮੀਟਰ ਤੋਂ ਹੇਠਾਂ ਪਹੁੰਚ ਗਈ। ਨਵੇਂ ਸਾਲ ਦੇ ਪਹਿਲੇ ਦਿਨ ਬੁੱਧਵਾਰ ਨੂੰ ਪੰਜਾਬ ਨੇ ਹੱਡ ਭੰਨਵੀਂ ਠੰਡ ਦਾ ਸਾਹਮਣਾ ਕੀਤਾ। ਸੂਬੇ ਦੇ 8 ਜ਼ਿਲ੍ਹਿਆਂ ਵਿੱਚ ਕੜਾਕੇ ਦੀ ਠੰਢ ਪਈ ਹੈ। ਪੰਜਾਬ ਦੇ 12 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਸ਼ਾਮਿਲ ਹਨ। ਬਠਿੰਡਾ ਵਿੱਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਰਿਹਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।