ਫ਼ਾਜ਼ਿਲਕਾ : ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਕਿਸਾਨ ਆਰਡੀਨੈਂਸ ਖ਼ਿਲਾਫ਼ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਦਾਅਵਾ ਸਿਹਤ ਮੰਤਰੀ ਬਲਬੀਰ ਸਿੱਧੂ ਵੱਲੋਂ ਕੀਤਾ ਗਿਆ।
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਖੇਤੀ ਆਰਡੀਨੈਂਸਾਂ ਨੂੰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਲਈ ਡੈੱਥ ਵਾਰੰਟ ਦੱਸਿਆ ਹੈ। ਬਲਬੀਰ ਸਿੱਧੂ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਦਾ ਪੰਜਾਬ ਸਰਕਾਰ ਡੱਟ ਕੇ ਵਿਰੋਧ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ਼ ਸੀ ਅਤੇ ਹੁਣ ਵੀ ਖਿਲਾਫ਼ ਹੈ। ਕਿਸਾਨਾਂ ਦੇ ਹਿੱਤਾਂ ਲਈ ਪੰਜਾਬ ਸਰਕਾਰ ਇਸ ਦਾ ਵਿਰੋਧ ਕਰਦੀ ਹੈ ਅਤੇ ਕਰਦੀ ਰਹੇਗੀ। ਸਾਡੀ ਸਰਕਾਰ ਕਿਸਾਨਾਂ ਲਈ ਹਰ ਸਮੇਂ ਲੜਾਈ ਲੜਨ ਲਈ ਤਿਆਰ ਹੈ।
ਸਿਹਤ ਮੰਤਰੀ ਬਲਬੀਰ ਸਿੱਧੂ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦਾ ਦੌਰਾ ਕਰਨ ਗਏ ਸਨ ਉੱਥੇ ਉਨ੍ਹਾਂ ਨੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਇਸ ਦੌਰਾਨ ਬਲਬੀਰ ਸਿੱਧੂ ਨੇ ਕਿਹਾ ਕਿ ਉਹ ਜਲਦ ਹੀ 928 ਡਾਕਟਰਾਂ ਦੀ ਭਰਤੀ ਕਰਨ ਜਾ ਰਹੇ ਹਨ। ਜਿਸ ਨਾਲ ਪੰਜਾਬ ਭਰ ਵਿੱਚ ਡਾਕਟਰਾਂ ਦੀ ਕਮੀ ਪੂਰੀ ਹੋਵੇਗੀ ਅਤੇ ਅਗਲੇ ਡੇਢ ਸਾਲ ਤੱਕ ਡੋਰ ਟੂ ਡੋਰ ਲੋਕਾਂ ਦਾ ਕੋਰੋਨਾ ਟੈਸਟ ਲਿਆ ਜਾਵੇਗਾ।