ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਗਈ ਹੈ। ਪਿਛਲੇ ਸਮੇਂ ਤੱਕ ਉਨ੍ਹਾਂ ਨੂੰ Z Plus ਸ਼੍ਰੇਣੀ ਦੀ ਸੁਰੱਖਿਆ ਮਿਲ ਰਹੀ ਸੀ, ਜੋ ਹੁਣ ਘਟਾ ਕੇ Z ਸ਼੍ਰੇਣੀ ਕਰ ਦਿੱਤੀ ਗਈ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, 2019 ਵਿੱਚ ਮਨਮੋਹਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ CRPF ਵੱਲੋਂ Z Plus ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਉਹ SPG ਸੁਰੱਖਿਆ ਹੇਠ ਆਉਂਦੇ ਸਨ। 2013 ਵਿੱਚ ਗੁਰਸ਼ਰਨ ਕੌਰ SPG ਸੁਰੱਖਿਆ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਬਣੀਆਂ ਸਨ, ਜਿਨ੍ਹਾਂ ਦੀ ਸੁਰੱਖਿਆ ਲਈ ਮਹਿਲਾ ਕਮਾਂਡੋ ਤਾਇਨਾਤ ਕੀਤੀਆਂ ਗਈਆਂ ਸਨ।
ਇੱਕ ਸਰਕਾਰੀ ਸੂਤਰ ਅਨੁਸਾਰ, ਗੁਰਸ਼ਰਨ ਕੌਰ ਦੀ ਸੁਰੱਖਿਆ ਦੀ ਸਮੀਖਿਆ ਹਾਲ ਹੀ ਵਿੱਚ ਕਈ ਏਜੰਸੀਆਂ ਵੱਲੋਂ ਕੀਤੀ ਗਈ ਸੀ, ਜਿਸ ਵਿੱਚ ਇਹ ਨਤੀਜਾ ਨਿਕਲਿਆ ਕਿ ਉਨ੍ਹਾਂ ਨੂੰ ਮੌਜੂਦਾ ਹਾਲਾਤਾਂ ਵਿੱਚ ਕੋਈ ਨਵਾਂ ਖ਼ਤਰਾ ਨਹੀਂ ਹੈ, ਇਸ ਲਈ ਸੁਰੱਖਿਆ ਵਿੱਚ ਕਟੌਤੀ ਕਰਨ ਦਾ ਫੈਸਲਾ ਲਿਆ ਗਿਆ।
ਹੁਣ ਉਨ੍ਹਾਂ ਕੋਲ Z ਸ਼੍ਰੇਣੀ ਦੀ CRPF ਸੁਰੱਖਿਆ ਹੈ, ਜਿਸ ਵਿੱਚ ਮੋਬਾਈਲ ਸੁਰੱਖਿਆ ਲਈ 6 ਅਤੇ ਰਿਹਾਇਸ਼ੀ ਸੁਰੱਖਿਆ ਲਈ 2 (ਕੁੱਲ 8) ਸੁਰੱਖਿਆ ਕਰਮਚਾਰੀ ਹੋਣਗੇ। ਪਹਿਲਾਂ ਇਹ ਗਿਣਤੀ ਮੋਬਾਈਲ ਲਈ 10 ਅਤੇ ਰਿਹਾਇਸ਼ੀ ਲਈ 10 (2+8) ਸੀ।
ਜਿੱਥੇ ਤੱਕ ਸੁਰੱਖਿਆ ਸ਼੍ਰੇਣੀਆਂ ਦੀ ਗੱਲ ਹੈ, ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਛੇ ਪ੍ਰਕਾਰ ਦੀਆਂ ਹੁੰਦੀਆਂ ਹਨ: X, Y, Y+, Z, Z+, ਅਤੇ SPG। SPG ਸਿਰਫ਼ ਮੌਜੂਦਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਲਈ ਨਿਯਤ ਹੈ, ਜਦਕਿ ਹੋਰ ਸ਼੍ਰੇਣੀਆਂ ਅਜਿਹੇ ਵਿਅਕਤੀਆਂ ਨੂੰ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਸੰਭਾਵਤ ਖ਼ਤਰਾ ਹੋਣ ਦੀ ਜਾਣਕਾਰੀ ਮਿਲੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।