ਨਵੀਂ ਦਿੱਲੀ : ਕੋਰੋਨਾਵਾਇਰਸ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਮੰਦੀ ਛਾਈ ਹੋਈ ਹੈ। ਇਸ ਵਿੱਚ ਹੀ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਕੇਂਦਰੀ ਕਰਮਚਾਰੀਆਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਝਟਕਾ ਲੱਗਿਆ ਹੈ। ਕੇਂਦਰ ਸਰਕਾਰ ਦੇ ਪਰਸੋਨਲ ਮੰਤਰਾਲੇ ਨੇ ਬੀਤੇ ਮੰਗਲਵਾਰ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੇ ਜਿਹੜੇ ਕਰਮਚਾਰੀ 31 ਮਾਰਚ, 2020 ਨੂੰ ਸੇਵਾ ਮੁਕਤ ਹੋਣ ਜਾ ਰਹੇ ਹਨ ਉਨ੍ਹਾਂ ਦੇ ਸੇਵਾ ਕਾਲ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ ਉਕਤ ਕਰਮਚਾਰੀ ਉਸੀ ਦਿਨ ਹੀ ਸੇਵਾ ਮੁਕਤ ਹੋਣਗੇ।
ਪਰਸੋਨਲ ਮੰਤਰਾਲੇ ਨੇ ਕਿਹਾ ਹੈ ਕਿ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਮਹਾਂਮਾਰੀ ਦੇ ਚੱਲਦੇ ਦੇਸ਼ ਭਰ ਵਿੱਚ ਲਾਕਡਾਊਨ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 31 ਮਾਰਚ, 2020 ਤੱਕ ਆਪਣੀ ਸੇਵਾ ਪੂਰੀ ਕਰਨ ਵਾਲੇ ਕੇਂਦਰੀ ਕਰਮਚਾਰੀਆਂ ਦੇ ਰਿਟਾਇਰਮੈਂਟ ਦੀ ਸਮੇਂ ਸੀਮਾ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ, ਚਾਹੇ ਉਹ ਘਰ ਤੋਂ ਕੰਮ ਕਰ ਹਨ ਜਾਂ ਫਿਰ ਦਫਤਰ ਤੋਂ ਕੰਮ ਕਰ ਰਹੇ ਹਨ।
ਇਸ ਲਈ ਕੇਂਦਰ ਸਰਕਾਰ ਦੇ ਪਰਸੋਨਲ ਵਿਭਾਗ ਅਨੁਸਾਰ ਜਿਹੜੇ ਕੇਂਦਰੀ ਕਰਮਚਾਰੀ ਬੁਨਿਆਦੀ ਨਿਯਮ 56 ਅਧੀਨ 31 ਮਾਰਚ, 2020 ਨੂੰ ਸੇਵਾ ਮੁਕਤ ਹੋਣ ਵਾਲੇ ਹਨ, ਉਹ ਉਸੇ ਦਿਨ ਤੋਂ ਹੀ ਕੇਂਦਰ ਸਰਕਾਰ ਦੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋ ਜਾਣਗੇ।