ਨਿਊਯਾਰਕ: ਅਮਰੀਕਾ ‘ਚ ਸੀਡੀਸੀ ਨੇ ਕੋਰੋਨਾ ਪਾਜ਼ਿਟਿਵ ਲੋਕਾਂ ਲਈ ਕੁਆਰੰਟੀਨ ਦਾ ਸਮਾਂ ਘਟਾ ਦਿੱਤਾ ਹੈ। ਸੀਡੀਸੀ ਨੇ ਸਿਫਾਰਿਸ਼ ਕੀਤੀ ਸੀ ਕਿ ਇਕਾਂਤਵਾਸ ਦਾ ਸਮਾਂ 10 ਦਿਨਾਂ ਤੋਂ ਘਟਾ ਕੇ 5 ਦਿਨ ਕਰ ਦਿੱਤਾ ਜਾਵੇ। ਇਸੇ ਤਰਜ ‘ਤੇ ਸਿਹਤ ਅਧਿਕਾਰੀਆਂ ਨੇ ਪਾਜ਼ਿਟਿਵ ਵਿਅਕਤੀਆਂ ਦੇ ਸੰਪਰਕ ਵਿਚ ਆਏ ਲੋਕਾਂ ਲਈ ਵੀ ਇਕਾਂਤਵਾਸ ਦਾ ਸਮਾਂ ਘਟਾ ਕੇ 5 ਦਿਨ ਕਰ ਦਿੱਤਾ ਹੈ।
ਇਹ ਤਬਦੀਲੀਆਂ ਓਮੀਕਰੋਨ ਵਾਇਰਸ ਦੇ ਮਾਮਲੇ ਵਧਣ ਤੇ ਹਸਪਤਾਲਾਂ, ਏਅਰਲਾਈਨਾਂ ਤੇ ਕਾਰੋਬਾਰੀ ਅਦਾਰਿਆਂ ਵਿਚ ਸਟਾਫ ਦੀ ਘਾਟ ਪ੍ਰਤੀ ਪ੍ਰਗਟਾਈ ਜਾ ਰਹੀ ਚਿੰਤਾ ਦਰਮਿਆਨ ਕੀਤੀਆਂ ਗਈਆਂ ਹਨ। ਖੋਜ਼ ਵਿਚ ਕਿਹਾ ਗਿਆ ਹੈ ਕਿ ਓਮੀਕਰੋਨ ਜੋ ਤੇਜੀ ਨਾਲ ਫੈਲਦਾ ਹੈ ਉਸ ‘ਚ ਹਲਕੇ ਲੱਛਣ ਨਜ਼ਰ ਆਉਂਦੇ ਹਨ।
ਸੀਡੀਸੀ ਦੀ ਮੁੱਖੀ ਰੋਚਲ ਵਾਲੇਂਸਕੀ ਨੇ ਕਿਹਾ ਹੈ ਕਿ ਨਵੇਂ ਦਿਸ਼ਾ-ਨਿਰਦੇਸ਼ ਉਨ੍ਹਾਂ ਸਬੂਤਾਂ ਦੇ ਆਧਾਰ ‘ਤੇ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਲੋਕ ਲੱਛਣ ਵਿਕਸਤ ਹੋਣ ਤੋਂ ਦੋ ਦਿਨ ਪਹਿਲਾਂ ਤੇ 3 ਦਿਨ ਬਾਅਦ ਠੀਕ ਮਹਿਸੂਸ ਨਹੀਂ ਕਰਦੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਓਮੀਕਰੋਨ ਦੇ ਮਾਮਲੇ ਵਧਣ ਦੀ ਸੰਭਾਵਨਾ ਹੈ ਤੇ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਹੁੰਦੇ ਹਾਂ ਕਿ ਇਕ ਅਜਿਹੀ ਵਿਵਸਥਾ ਹੋਵੇ ਜਿਸ ਦੁਆਰਾ ਵਿਗਿਆਨਕ ਤੌਰ ‘ਤੇ ਸਮਾਜ ਨੂੰ ਸੁਰੱਖਿਅਤ ਰਖਿਆ ਜਾ ਸਕੇ।