ਚੰਡੀਗੜ੍ਹ, 29 ਮਾਰਚ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਨਿਰਮਲ ਯਾਦਵ ਨੂੰ 15 ਲੱਖ ਰੁਪਏ ਦੇ ਨੋਟ ਘੁਟਾਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਅੱਜ ਚੰਡੀਗੜ੍ਹ ਸਥਿਤ ਸੀਬੀਆਈ ਕੋਰਟ ਦੀ ਵਿਸ਼ੇਸ਼ ਜੱਜ ਅਲਕਾ ਮਲਿਕ ਨੇ ਇਹ ਫੈਸਲਾ ਸੁਣਾਇਆ। ਉਨ੍ਹਾਂ ਨੇ ਸੁਣਵਾਈ ਦੌਰਾਨ ਨਿਰਮਲ ਯਾਦਵ ਸਮੇਤ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਦੱਸ ਦਈਏ ਕਿ ਸਾਬਕਾ ਜਸਟਿਸ ਨਿਰਮਲ ਨੇ 17 ਮਈ 2016 ਨੂੰ ਸੀਬੀਆਈ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ।ਇਸ ਵਿੱਚ ਉਨ੍ਹਾਂ ਕਿਹਾ ਸੀ ਕਿ 10 ਜੁਲਾਈ 2008 ਨੂੰ ਮੈਂ ਹਾਈ ਕੋਰਟ ਦੀ ਜੱਜ ਬਣੀ। 13 ਅਗਸਤ 2008 ਨੂੰ ਰਾਤ 8 ਵਜੇ ਦੇ ਕਰੀਬ ਮੈਂ ਆਪਣੇ ਪਿਤਾ ਜੀ ਕੋਲ ਬੈਠੀ ਸੀ। ਉਦੋਂ ਹੀ ਮੇਰਾ ਚਪੜਾਸੀ ਆਇਆ ਤੇ ਉਸਨੇ ਨੇ ਕਿਹਾ ਕਿ ਦਿੱਲੀ ਤੋਂ ਕੁਝ ਪੇਪਰ ਆਏ ਹਨ। ਮੈਂ ਉਸਨੂੰ ਕਿਹਾ ਕਿ ਇਸਨੂੰ ਖੋਲ੍ਹ ਕੇ ਵੇਖ ਲਉ। ਇਹ ਪੈਕੇਟ ਕਾਫੀ ਟੇਪ ਨਾਲ ਲਿਪਟਿਆ ਹੋਇਆ ਸੀ, ਜਦ ਇਸ ਨੂੰ ਖੋਲ ਕੇ ਵੇਖਿਆ ਤਾ ਇਸ ਚ ਨੋਟ ਹੋ ਨੋਟ ਭਰੇ ਹੋਏ ਸਨ।
ਉਨ੍ਹਾਂ ਕਿਹਾ ਕਿ “ਮੈਂ ਝੱਟ ਕਿਹਾ ਕਿ ਇਹ ਲੈ ਕੇ ਆਉਣ ਵਾਲੇ ਨੂੰ ਫੜੋ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਹ ਕਿਸਨੇ ਭੇਜਿਆ ਹੈ ਤਾਂ ਉਸ ਨੇ ਕਿਹਾ ਕਿ ਮੈਨੂੰ ਸੰਜੀਵ ਬਾਂਸਲ ਨੇ ਭੇਜਿਆ ਸੀ। ਮੈਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਫਿਰ ਚੀਫ਼ ਜਸਟਿਸ ਨੂੰ ਇਸ ਬਾਰੇ ਦੱਸਿਆ। ਕੁਝ ਸਮੇਂ ਬਾਅਦ ਮੈਨੂੰ ਸੰਜੀਵ ਬਾਂਸਲ ਦਾ ਫੋਨ ਆਇਆ ਕਿ ਉਹ ਉਸਦਾ ਹੀ ਮੁਨਸ਼ੀ ਹੈ। ਉਸਨੂੰ ਛੱਡ ਦਿੱਤਾ ਜਾਵੇ, ਉਹ ਇਹ ਪੈਕੇਟ ਗਲਤੀ ਨਾਲ ਇੱਥੇ ਲੈ ਆਇਆ ਸੀ।”
ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ 300 ਤੋਂ ਵੱਧ ਸੁਣਵਾਈਆਂ ਹੋਈਆਂ। 76 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਹਾਲਾਂਕਿ 10 ਗਵਾਹ ਆਪਣੇ ਬਿਆਨਾਂ ਤੋਂ ਮੁਕਰ ਗਏ। ਇਸ ਮਾਮਲੇ ਦੇ ਮੁੱਖ ਦੋਸ਼ੀ ਹਰਿਆਣਾ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬਾਂਸਲ ਦੀ ਦਸੰਬਰ 2016 ‘ਚ ਮੋਹਾਲੀ ਦੇ ਮੈਕਸ ਹਸਪਤਾਲ ‘ਚ ਮੌਤ ਹੋ ਗਈ ਸੀ।ਜਿਸ ਤੋਂ ਬਾਅਦ ਜਨਵਰੀ 2017 ‘ਚ ਉਸ ਖਿਲਾਫ ਮਾਮਲਾ ਬੰਦ ਕਰ ਦਿੱਤਾ ਗਿਆ ਸੀ।