ਚੰਡੀਗੜ੍ਹ : ਕਾਂਗਰਸੀ ਐੱਮ.ਪੀ. ਰਵਨੀਤ ਬਿੱਟੂ ਨੇ ‘ਸਿੱਖ ਫਾਰ ਜਸਟਿਸ’ ਦਾ ਸਮਰਥਨ ਕਰਨ ‘ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪੰਜਾਬੀ ਗਾਇਕ ਜੈਜੀ ਬੀ. ਅਤੇ ਦਲਜੀਤ ਦੋਸਾਂਝ ਨੂੰ ਆੜੇ ਹੱਥੀ ਲਿਆ। ਬਿੱਟੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਲੰਮੇ ਸਮੇਂ ਤੋਂ ਅੱਤਵਾਦ ਦਾ ਸੰਤਾਪ ਝੱਲਿਆ ਹੈ ਅਤੇ ਜਿਨ੍ਹਾਂ ਲੋਕਾਂ ਕਰਕੇ ਅੱਜ ਇਨ੍ਹਾਂ ਗਾਇਕਾਂ ਨੂੰ ਇਨ੍ਹਾਂ ਮਾਣ ਸਨਮਾਨ ਮਿਲਿਆ ਹੈ ਅੱਜ ਉਹੀ ਗਾਇਕ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅੱਤਵਾਦ ਦੀ ਅੱਗ ‘ਚ ਝੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ ‘ਸਿੱਖ ਫਾਰ ਜਸਟਿਸ’ ਦੇ ਇਨ੍ਹਾਂ ਸਮਰਥਕਾਂ ਖਿਲਾਫ ਪੰਜਾਬ ਦੇ ਹਰ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਕਾਂਗਰਸੀ ਐੱਮ.ਪੀ. ਰਵਨੀਤ ਬਿੱਟੂ ਨੇ ਭਾਰਤੀ ਫੌਜ ਦੇ ਲੱਦਾਖ ‘ਚ ਸ਼ਹੀਦ ਹੋਏ ਜਵਾਨਾਂ ਨੂੰ ਲੈ ਕੇ ਚੀਨ ਦਾ ਸਮਰਥਨ ਕਰਨ ‘ਤੇ ‘ਸਿੱਖ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਦੀ ਟੀਮ ਦੇ ਖਿਲਾਫ ਅਮਰੀਕਾ ਜ਼ਰੀਏ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਹੈ। ਬਿੱਟੂ ਨੇ ਕਿਹਾ ਕਿ ‘ਸਿੱਖ ਫਾਰ ਜਸਟਿਸ’ ਦੇ ਮੈਂਬਰ ਦੇਸ਼ ਦੇ ਗਦਾਰ ਹਨ। ਉਨ੍ਹਾਂ ਨੇ ਪਹਿਲਾਂ ਗੁਆਂਢੀ ਮੁਲਕ ਪਾਕਿਸਤਾਨ ਦੀ ਮਦਦ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਇਆ ਅਤੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੈ ਅਤੇ ਹੁਣ ਉਨ੍ਹਾਂ ਦੀ ਟੀਮ ਵੱਲੋਂ ਸੈਨਿਕਾਂ ਨੂੰ ਜ਼ਿਆਦਾ ਤਨਖਾਹ ਦਾ ਲਾਲਚ ਦੇ ਕੇ ਭਾਰਤ ਖਿਲਾਫ ਵਿਦਰੋਹ ਲਈ ਭੜਕਾਇਆ ਜਾ ਰਿਹਾ ਹੈ।
ਬਿੱਟੂ ਨੇ ਕਿਹਾ ਕਿ ਗੁਰਪਤਵੰਤ ਪੰਨੂ ਦੀ ਟੀਮ ਆਪਣੀ ਸੰਸਥਾਂ ‘ਸਿੱਖ ਫਾਰ ਜਸਟਿਸ’ ਦੇ ਨਾਂ ਦੇ ਉਲਟ ਸਿੱਖ ਸੈਨਿਕਾਂ ਨੂੰ ਸ਼ਹੀਦ ਕਰਨ ਲਈ ਚੀਨ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਨੂ ਦੀ ਟੀਮ ਅਮਰੀਕਾ ‘ਚ ਰਹਿ ਕੇ ਆਪਣੇ ਪੰਜਾਬ ਵਿਰੋਧੀ ਕੰਮਾਂ ਨੂੰ ਅੰਜ਼ਾਮ ਦੇ ਰਿਹਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਜ਼ਰੀਏ ਇਨ੍ਹਾਂ ਖਿਲਾਫ ਕਾਰਵਾਈ ਕਰਵਾਉਣੀ ਚਾਹੀਦੀ ਹੈ।