ਅੰਮ੍ਰਿਤਸਰ : ਇੰਨੀ ਦਿਨੀਂ ਪੰਜਾਬੀ ਗਾਇਕਾਂ ਨਾਲ ਚੱਲ ਰਹੇ ਵਿਵਾਦਾਂ ਦੇ ਸਿਲਸਿਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਇਸ ਦੇ ਚਲਦਿਆਂ ਐਲੀ ਮਾਂਗਟ, ਰੰਮੀ ਰੰਧਾਵਾ ਅਤੇ ਸਿੱਧੂ ਮੂਸੇ ਵਾਲੇ ਦੇ ਖਿਲਾਫ ਸ਼ਿਕਾਇਤ ਦਰਜ਼ ਹੋਣ ਤੋਂ ਬਾਅਦ ਹੁਣ ਪ੍ਰਸਿੱਧ ਪੰਜਾਬੀ ਗਾਇਕ ਸ਼ੈਰੀ ਮਾਨ ਖਿਲਾਫ ਵੀ ਸ਼ਿਕਾਇਤ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸ਼ੈਰੀ ਮਾਨ ਖਿਲਾਫ ਇਹ ਸ਼ਿਕਾਇਤ ਐਚਐਮਵੀ ਕਾਲਜ਼ ਵਿੱਚ ਪਾਰਟ ਟਾਈਮ ਪੜ੍ਹਾਉਣ ਵਾਲੇ ਰਾਜਾ ਗਾਰਡਨ ਨਾਮਕ ਪ੍ਰੋਫੈਸਰ ਨੇ ਪੰਡਿਤ ਰਾਓ ਧਾਨੇਸ਼ਵਰ ਨੂੰ ਗਾਲਾਂ ਕੱਢਣ ਦੀ ਵੀਡੀਓ ਵਾਇਰਲ ਹੋਣ ‘ਤੇ ਦਰਜ਼ ਕਰਵਾਈ ਹੈ।
ਜਾਣਕਾਰੀ ਮੁਤਾਬਿਕ ਡੀਸੀਪੀ ਗੁਰਮੀਤ ਸਿੰਘ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਇਹ ਦੋਸ਼ ਲਾਇਆ ਹੈ ਕਿ ਸ਼ੈਰੀ ਮਾਨ ਨੇ ਜੋ ਪੰਡਿਤ ਰਾਓ ਧਾਨੇਸ਼ਵਰ ਨਾਲ ਕਾਲਿੰਗ ਦੀ ਵੀਡੀਓ ਵਾਇਰਲ ਕੀਤੀ ਗਈ ਹੈ ਉਸ ਵਿੱਚ ਪੰਡਿਤ ਨੂੰ ਗਾਲਾਂ ਕੱਢੀਆਂ ਗਈਆਂ ਹਨ ਜਿਹੜਾ ਕਿ ਲੋਕਾਂ ਵਿੱਚ ਗਲਤ ਸੁਨੇਹਾਂ ਜਾਂਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਹੈ ਕਿ ਅੱਜ ਕੱਲ੍ਹ ਗੀਤਾਂ ਵਿੱਚ ਜਿਹੜੀ ਅਸ਼ਲੀਲਤਾ ਫੈਲਾਈ ਜਾ ਰਹੀ ਹੈ ਉਸ ਨਾਲ ਨੌਜਵਾਨ ਪੀੜ੍ਹੀ ਵਿਗੜ ਰਹੀ ਹੈ। ਰਾਜਾ ਗਾਰਡਨ ਦਾ ਇਹ ਵੀ ਇਲਜ਼ਾਮ ਹੈ ਕਿ ਹਾਈਕੋਰਟ ਵੱਲੋਂ ਅਸ਼ਲੀਲਤਾ ਅਤੇ ਸ਼ਰਾਬ ਆਦਿ ਵਰਗੀਆਂ ਚੀਜ਼ਾਂ ਦਾ ਗੀਤਾਂ ਵਿੱਚ ਇਸਤਿਮਾਲ ਕਰਨ ਤੋਂ ਰੋਕ ਲੱਗੇ ਹੋਣ ਦੇ ਬਾਵਜੂਦ ਵੀ ਸ਼ੈਰੀ ਮਾਨ ਦੇ ਗੀਤਾਂ ਵਿੱਚ ਇਨ੍ਹਾਂ ਚੀਜਾਂ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ।