ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਸਾਨ-ਮਜ਼ਦੂਰ-ਮਾਰੂ-ਕਾਨੂੰਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਨਾਲ ਰੱਖੀ ਗਈ ਮੀਟਿੰਗ ਦਾ ਬੇਸਿੱਟਾ ਰਹਿਣਾ, ਇਸ ਗੱਲ ਦਾ ਪ੍ਰਤੀਕ ਹੈ ਕਿ ਮੋਦੀ ਸਰਕਾਰ ਜ਼ਬਰਦਸਤੀ ਹੈਂਕੜਬਾਜ਼ੀ ਨਾਲ ਫ਼ੈਸਲੇ ਲਾਗੂ ਕਰਨਾ ਚਾਹੁੰਦੀ ਹੈ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕਰਦੀ ਬਲਕਿ ਤਾਨਾਸ਼ਾਹੀ ਰਵੱਏ ਨਾਲ ਕੰਮ ਕਰ ਰਹੀ ਹੈ। ਮੋਦੀ ਸਰਕਾਰ ਨੇ ਅਜਿਹਾ ਕਰਕੇ ਕਿਸਾਨਾਂ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਅਪਮਾਨ ਕੀਤਾ ਹੈ, ਆਉਣ ਵਾਲੇ ਦਿਨਾਂ ਵਿਚ ਇਸ ਅਪਮਾਨ ਦਾ ਖ਼ਮਿਆਜ਼ਾ ਭੁਗਤਣ ਲਈ ਮੋਦੀ ਸਰਕਾਰ ਤਿਆਰ ਰਹੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਸੰਯੁਕਤ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਲੜਨ ਅਤੇ ਅੰਬਾਨੀਆਂ ਅਤੇ ਅਡਾਨੀਆਂ ਵਰਗੇ ਵੱਡੇ ਕਾਰਪੋਰੇਟਾਂ ਦੀ ਚੁੰਗਲ ਵਿਚੋਂ ਕਿਸਾਨੀ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਪਹਿਲੇ ਦਿਨਾਂ ਤੋਂ ਹੀ ਕਿਸਾਨਾਂ ਦੀ ਲੜਾਈ ਵਿਚ ਡਟ ਕੇ ਨਾਲ ਖੜੀ ਹੈ ਅਤੇ ਅੱਗੇ ਵੀ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਜੋ ਵੀ ਤਾਨਾਸ਼ਾਹ ਸੂਬਾ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਆਪਣੇ ਅਗਲੇ ਪ੍ਰੋਗਰਾਮ ਦਾ ਐਲਾਨ ਕਰੇਗੀ ਉਸ ਦਾ ਡਟ ਕੇ ਸਾਥ ਦੇਵੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਜਿਹੜਾ ਵੀ ਮਤਾ/ਕਾਨੂੰਨ ਪੰਜਾਬ ਵਿਧਾਨ ਸਭਾ ਵਿਚ ਲੈ ਕੇ ਆਉਣਾ ਚਾਹੁੰਦੀ ਹੈ, ਉਸ ਦੀਆਂ ਅਗਾਂਹ ਕਾਪੀਆਂ ਸਮੂਹ ਕਿਸਾਨ ਜੰਥੇਬਦੀਆਂ, ਸਿਆਸੀ ਪਾਰਟੀਆਂ ਨੂੰ ਪਹਿਲਾਂ ਹੀ ਮੁਹੱਈਆ ਕਰਵਾਈਆਂ ਜਾਣ ਅਤੇ ਉਸ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ। ਮੀਟਿੰਗ ਉਪਰੰਤ ਨਿਕਲੇ ਨਤੀਜੇ ਦੇ ਆਧਾਰ ‘ਤੇ ਵਿਧਾਨ ਸਭਾ ਦਾ ਘੱਟੋ-ਘੱਟ 7 ਦਿਨਾਂ ਦਾ ਸੈਸ਼ਨ ਬੁਲਾਇਆ ਜਾਵੇ, ਕਿਉਂਕਿ ਅੱਜ ਪੰਜਾਬ ਦਾ ਅੰਨਦਾਤਾ ਸੜਕਾਂ ‘ਤੇ ਆਪਣੇ ਹੱਕਾਂ ਲਈ ਲੜ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਸਮੂਹ ਵਰਗਾਂ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਆਪਣੇ ਵੋਟ ਬੈਂਕ ਅਤੇ ਸਿਆਸੀ ਲਾਹੇ ਲਈ ਹੀ ਇਸਤੇਮਾਲ ਕੀਤਾ ਹੈ, ਹੁਣ ਸਮੂਹ ਕਿਸਾਨ ਜਥੇਬੰਦੀਆਂ ਦਾ ਪੰਜਾਬ ਵਿਰੋਧੀ ਕੈਪਟਨ-ਬਾਦਲਾਂ-ਮੋਦੀ ‘ਤੇ ਬਿਲਕੁਲ ਵੀ ਭਰੋਸਾ ਨਹੀਂ ਰਿਹਾ ਹੈ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੁਰੀ ਤਰਾਂ ਕਿਸਾਨ ਵਿਰੋਧੀ ਹੈ, ਜਿਸ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਅੱਛੇ ਦਿਨਾਂ ਦਾ ਨਾਅਰਾ ਦੇ ਕੇ ਉਨ੍ਹਾਂ ਨਾਲ ਵੱਡਾ ਵਿਸ਼ਵਾਸਘਾਤ ਕੀਤਾ ਹੈ, ਜਿਸ ਦਾ ਬਦਲਾ ਦੇਸ਼ ਦੇ ਲੋਕ ਭਾਜਪਾ ਤੋਂ ਚੋਣਾਂ ‘ਚ ਲੈਣਗੇ ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਲਈ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਜਿਸ ਨੂੰ ਕਿਸੇ ਵੀ ਕੀਮਤ ‘ਤੇ ਆਮ ਆਦਮੀ ਪਾਰਟੀ ਸਫਲ ਨਹੀਂ ਹੋਣ ਦੇਵੇਗੀ ਅਤੇ ਨਾ ਹੀ ਬਰਦਾਸ਼ਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮੁੱਦੇ ‘ਤੇ ਕਿਸਾਨਾਂ ਦੇ ਹੱਕ ਵਿਚ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨਾਂ ਨਾਲ ਬਿਨਾਂ ਕਿਸੇ ਸ਼ਰਤ ਆਮ ਆਦਮੀ ਪਾਰਟੀ ਚਟਾਨ ਵਾਂਗ ਖੜੀ ਹੈ ਅਤੇ ਹਮੇਸ਼ਾ ਖੜੀ ਰਹੇਗੀ।