ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਬੇਮੌਸਮੇ ਮੀਂਹ ਕਾਰਨ ਸੁੰਗੜੇ ਅਤੇ ਚਮਕ ਗੁਆ ਚੁੱਕੇ ਕਣਕ ਦੇ ਦਾਣਿਆਂ ਲਈ ਨਿਰਧਾਰਤ ਸ਼ਰਤਾਂ ’ਚ ਢਿੱਲ ਦਿੰਦਿਆਂ ਇਸ ਦੀ ਖਰੀਦ ਦੀ ਕੀਮਤ ’ਚ ਕਟੌਤੀ ਲਾਗੂ ਕੀਤੇ ਜਾਣ ਦੇ ਕਦਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ਵਿੱਚ ਮੁੱਖ ਮੰਤਰੀ ਨੇ ਇਸ ਗੱਲ ’ਤੇ ਦੁੱਖ ਜ਼ਾਹਰ ਕੀਤਾ ਕਿ ਛੋਟਾਂ ਦੇਣ ਲਈ ਸੂਬਾ ਸਰਕਾਰ ਵੱਲੋਂ ਪੇਸ਼ ਕੀਤੀ ਪਹਿਲੀ ਨੁਮਾਇੰਦਗੀ ਸਵਿਕਾਰ ਕਰਦਿਆਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਘੱਟੋ-ਘੱਟ ਸਮਰਥਨ ਮੁੱਲ ’ਤੇ ਭਾਰੀ ਕੀਮਤ ਕਟੌਤੀ ਲਗਾ ਦਿੱਤੀ ਹੈ ਜਿਸ ਨਾਲ ਅੱਗੇ ਕਿਸਾਨਾਂ ਉਤੇ ਭਾਰੀ ਬੋਝ ਪਵੇਗਾ ਜੋ ਕਿ ਪਹਿਲਾਂ ਹੀ ਲੌਕਡਾੳੂਨ ਦੇ ਚੱਲਦਿਆਂ ਆਮਦਨ ਘਟਣ ਕਾਰਨ ਘਾਟਾ ਸਹਿਣ ਕਰ ਰਹੇ ਹਨ।
Have requested PM @NarendraModi Ji to review the unjustified value cut on wheat MSP which will lead to loss of income for farmers. In this hour of crisis, we should aim at increasing the income of farmers. Requested him to direct the concerned dept to rollback this decision.
— Capt.Amarinder Singh (@capt_amarinder) April 28, 2020
ਕੈਪਟਨ ਅਮਰਿੰਦਰ ਸਿੰਘ ਨੇ ਕੀਮਤ ’ਚ ਕਟੌਤੀ ਦੇ ਬਿਨਾਂ ਛੋਟਾਂ ਦੀ ਆਗਿਆ ਦੇਣ ਦੀ ਆਪਣੀ ਮੰਗ ਦੁਹਰਾਉਦਿਆਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮੰਤਰਾਲੇ ਨੂੰ ਆਪਣੇ ਪਹਿਲੇ ਫੈਸਲੇ ਦੀ ਤੁਰੰਤ ਸਮੀਖਿਆ ਕਰਨ ਦੀ ਸਲਾਹ ਦੇਣ। ਸੰੁਗੜੇ ਦਾਣੇ ’ਤੇ ਪ੍ਰਤੀ ਕੁਇੰਟਲ 4.81 ਰੁਪਏ ਤੋਂ 24.06 ਰੁਪਏ ਤੱਕ ਅਤੇ ਚਮਕ ਫਿੱਕੀ ਵਾਲੇ ਦਾਣਿਆਂ ’ਤੇ 4.81 ਰੁਪਏ ਕੀਮਤ ਕਟੌਤੀ ਕੀਤੀ ਗਈ ਹੈ।
ਆਪਣੇ ਪੱਤਰ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੇ ਪਹਿਲਾਂ ਹੀ ਕੇਂਦਰੀ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੂੰ ਇਕ ਹਵਾਲਾ ਵੀ ਦਿੱਤਾ ਹੈ ਤਾਂ ਜੋ ਬਿਨਾਂ ਕਿਸੇ ਕਟੌਤੀ ਕੀਤੇ ਨਿਰਧਾਰਤ ਸ਼ਰਤਾਂ ਵਿੱਚ ਢਿੱਲ ਦਿੱਤੀ ਜਾ ਸਕੇ। 28 ਅਪ੍ਰੈਲ ਨੂੰ ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰਾਲੇ ਨੇ ਕਣਕ ਦੇ ਦਾਣੇ ਸੁੰਗੜਨ ਅਤੇ ਚਮਕ ਫਿੱਕੀ ਪੈਣ ਦੇ ਮਾਪਦੰਡਾਂ ਨੂੰ ਪੂਰਾ ਕਰਨ ’ਚ ਅਸਫਲ ਰਹਿਣ ਵਿੱਚ ਕੁਝ ਢਿੱਲ ਦਿੱਤੀ ਪਰ ਮੁੱਲ ਵਿੱਚ ਕਟੌਤੀ ਕਰ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਪੰਜਾਬ ਦੇ ਕਿਸਾਨ ਮੁਲਕ ਨੂੰ ਭੋਜਨ ਮੁਹੱਈਆ ਕਰਵਾ ਰਹੇ ਹਨ। ਇਸ ਕਰਕੇ ਲੌਕਡਾੳੂਨ ਦੀਆਂ ਬੰਦਸ਼ਾਂ ਕਾਰਨ ਅਤੇ ਹਾਲਾਤ ਉਨਾਂ ਦੇ ਕਾਬੂ ਤੋਂ ਬਾਹਰ ਹੋਣ ਕਰਕੇ ਕਿਸੇ ਵੀ ਢੰਗ ਨਾਲ ਕਿਸਾਨਾਂ ਦੀ ਆਮਦਨ ਵਿੱਚ ਕਟੌਤੀ ਕਰਨਾ ਸਰਾਸਰ ਬੇਇਨਸਾਫੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਣਕ ਦੀ ਫਸਲ ਪੱਕਣ ਤੋਂ ਪਹਿਲਾਂ ਮਾਰਚ, 2020 ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਬੇਮੌਸਮਾ ਮੀਂਹ ਪਿਆ ਸੀ। ਉਨਾਂ ਕਿਹਾ ਕਿ ਮੁਲਕ ਭਰ ਵਿੱਚ ਲੌਕਡਾੳੂਨ ਦੇ ਐਲਾਨ ਨਾਲ ਇਹ ਸਮੱਸਿਆ ਹੋਰ ਵਧ ਗਈ ਅਤੇ ਕਿਸਾਨ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਇਹਤਿਆਦੀ ਕਦਮ ਚੁੱਕਣ ਤੋਂ ਅਸਮਰੱਥ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਇਹ ਦੇਖਿਆ ਗਿਆ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਪਹੰੁਚ ਰਹੀ ਕਣਕ ਦੇ ਦਾਣੇ ਦੇ ਸੁੰਗੜ ਗਏ ਹਨ ਅਤੇ ਕਈ ਥਾਈਂ ਦਾ ਦਾਣਿਆਂ ਦੀ ਚਮਕ ਫਿੱਕੀ ਪੈਣ ਦੀਆਂ ਵੀ ਰਿਪੋਰਟਾਂ ਹਨ।