ਅੰਮ੍ਰਿਤਸਰ ਰੇਲ ਹਾਦਸੇ ਦੇ 34 ਪੀੜਤਾਂ ਦੇ ਵਾਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਮਾਜ ਪ੍ਰਤੀ ਮਹੱਤਵਪੂਰਨ ਯੋਗਦਾਨ ਪਾਉਣ ਅਤੇ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣ ਲਈ 45 ਸਟੇਟ ਐਵਾਰਡੀਆਂ ਨੂੰ ਸਰਟੀਫਿਕੇਟ, ਸ਼ਾਲ ਤੇ ਮੈਡਲ ਨਾਲ ਸਨਮਾਨਿਤ ਕੀਤਾ।
ਸਾਲ 2020 ਲਈ ਇਹ ਐਵਾਰਡ ਇਸ ਤੋਂ ਪਹਿਲਾਂ ਕੋਵਿਡ ਕਾਰਨ ਨਹੀਂ ਦਿੱਤੇ ਜਾ ਸਕੇ ਸਨ। ਹਾਲਾਂਕਿ ਸਾਲ 2021 ਦੇ ਸਟੇਟ ਐਵਾਰਡੀਆਂ ਲਈ ਵੱਖਰੇ ਤੌਰ ਉਤੇ ਸਮਾਗਮ ਕਰਵਾਇਆ ਜਾਵੇਗਾ ਜਿੱਥੇ ਪੱਛਮੀ ਕਮਾਂਡ ਦੇ ਕਮਾਂਡਰ ਇਨ ਚੀਫ ਅਤੇ ਬਾਕੀ ਸਾਰੇ ਰੈਂਕਾਂ ਦੇ ਅਫਸਰਾਂ ਸਮੇਤ ਉੱਘੀਆਂ ਸ਼ਖਸੀਅਤਾਂ ਨੂੰ ਕੋਵਿਡ ਵਿਰੁੱਧ ਲੜਾਈ ਵਿਚ ਮਿਸਾਲੀ ਯੋਗਦਾਨ ਪਾਉਣ ਬਦਲੇ ਸਨਮਾਨਿਤ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਸਬ-ਇੰਸਪੈਕਟਰ ਜਸਵੀਰ ਸਿੰਘ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ ਐਵਾਰਡ’ ਨਾਲ ਸਨਮਾਨਿਤ ਕੀਤਾ ਜੋ ਇਸ ਵੇਲੇ ਮਲੇਰਕੋਟਲਾ ਵਿਖੇ ਸਿਟੀ-2 ਦੇ ਐਸ.ਐਚ.ਓ. ਵਜੋਂ ਤਾਇਨਾਤ ਹਨ ਅਤੇ ਉਨ੍ਹਾਂ ਨੇ ਮਲੇਰਕੋਟਲਾ ਵਿਚ ਇਕ ਦੁਕਾਨ ਦੇ ਉਪਰ ਸਥਿਤ ਘਰ ਵਿਚ ਅੱਗ ਲੱਗ ਜਾਣ ਮੌਕੇ ਉਥੇ ਰਹਿੰਦੇ ਪਰਿਵਾਰ ਨੂੰ ਬਚਾਉਣ ਲਈ ਸਾਹਸ ਅਤੇ ਬਹਾਦਰੀ ਦਿਖਾਈ ਸੀ।
ਮੁੱਖ ਮੰਤਰੀ ਵਲੋਂ ਸਨਮਾਨਿਤ ਪੁਲਿਸ ਕਰਮਚਾਰੀਆਂ ‘ਚ ਸ਼ਾਮਲ ਹਨ;
ਏ.ਆਈ.ਜੀ. ਐਸ.ਟੀ.ਐਫ. ਸਨੇਹਦੀਪ ਸ਼ਰਮਾ,
ਡੀ.ਐਸ.ਪੀ. ਜਲੰਧਰ ਗੁਰਮੀਤ ਸਿੰਘ,
ਏ.ਡੀ.ਸੀ.ਪੀ.-4 ਲੁਧਿਆਣਾ ਰੁਪਿੰਦਰ ਕੌਰ ਸਰਾ,
ਏਡੀਸੀਪੀ ਜਾਂਚ ਲੁਧਿਆਣਾ ਰੁਪਿੰਦਰ ਕੌਰ ਭੱਟੀ,
ਡੀਐਸਪੀ ਡਿਟੈਕਟਿਵ ਮੋਗਾ ਜੰਗਜੀਤ ਸਿੰਘ ਅਤੇ
ਡੀਐਸਪੀ ਡਿਟੈਕਟਿਵ ਅੰਮ੍ਰਿਤਸਰ ਦਿਹਾਤੀ ਗੁਰਿੰਦਰਪਾਲ ਸਿੰਘ
ਇੰਸਪੈਕਟਰ ਗੁਰਪ੍ਰੀਤ ਸਿੰਘ,
ਇੰਸਪੈਕਟਰ ਸੁਰਿੰਦਰ ਕੌਰ,
ਇੰਸਪੈਕਟਰ ਬਿਠਲ ਹਰੀ,
ਐਸਆਈ ਲਖਬੀਰ ਸਿੰਘ,
ਏਐਸਆਈ ਕੰਵਲਜੀਤ ਸਿੰਘ,
ਏਐਸਆਈ ਅਮਨਦੀਪ ਸਿੰਘ,
ਏਐਸਆਈ ਜਗਦੀਪ ਸਿੰਘ,
ਕਾਂਸਟੇਬਲ ਜਗਜੀਤ ਸਿੰਘ ਅਤੇ
ਕਾਂਸਟੇਬਲ ਦਲਜੀਤ ਕੁਮਾਰ ।
ਇਸ ਮੌਕੇ ਮੁੱਖ ਮੰਤਰੀ ਨੇ ਜੌੜਾ ਫਾਟਕ ਵਿਖੇ ਅੰਮ੍ਰਿਤਸਰ ਰੇਲ ਹਾਦਸੇ ਦੇ 34 ਪੀੜਤਾਂ ਦੇ ਹਰੇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਵੀ ਸੌਂਪੇ।
Jobs to family members of Amritsar Rail Tragedy is our humble effort to provide relief to those affected by the unfortunate incident. We will always do everything possible to work for their wellbeing. pic.twitter.com/F3fEaA1YXZ
— Capt.Amarinder Singh (@capt_amarinder) August 15, 2021
ਮੁੱਖ ਮੰਤਰੀ ਇੱਥੇ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਗਮਾਂ ਦੀ ਅਗਵਾਈ ਕਰ ਰਹੇ ਸਨ।
ਇਸ ਮੌਕੇ ਮੁੱਖ ਮੰਤਰੀ ਨੇ ਇੱਥੇ ਗਾਂਧੀ ਮੈਦਾਨ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਵਿਸ਼ਵਾਸ ਜ਼ਾਹਰ ਕੀਤਾ ਕਿ ਲੋਕਾਂ ਦੀ ਸਾਂਝੀ ਭਾਵਨਾ ਨਾਲ ਸਾਰੀਆਂ ਚੁਣੌਤੀਆਂ ਉਤੇ ਜਿੱਤ ਹਾਸਲ ਕਰ ਲਵਾਂਗੇ। ਉਨ੍ਹਾਂ ਨੇ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਦੇ ਪਰਵਾਨਿਆਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਸਦਕਾ ਸਾਨੂੰ ਆਜ਼ਾਦੀ ਨਸੀਬ ਹੋਈ ਹੈ।
ਅੰਡੇਮਾਨ ਸੈਲੂਲਰ ਜੇਲ੍ਹ ਦੇ ਦੌਰੇ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਥੇ ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀਆਂ ਦੇ ਨਾਂ ਦੇਖੇ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਨ੍ਹਾਂ ਲੋਕਾਂ ਨੇ ਵੀ ਦੇਸ਼ ਦੀ ਆਜ਼ਾਦੀ ਲਈ ਅਦੰਲੋਨ ਵਿਚ ਹਿੱਸਾ ਲਿਆ ਸੀ। ਇਨ੍ਹਾਂ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਕਮਾਂਡਰ ਡੀ.ਐਸ.ਪੀ. ਮਾਧਵੀ ਸ਼ਰਮਾ ਅਤੇ ਸੈਕਿੰਡ-ਇਨ-ਕਮਾਂਡ ਡੀ.ਐਸ.ਪੀ. ਹਰਿੰਦਰ ਸਿੰਘ ਮਾਨ ਦੀ ਅਗਵਾਈ ਵਾਲੀ ਮਾਰਚ ਪਾਸਟ ਦੀ ਟੁਕੜੀ ਤੋਂ ਸਲਾਮੀ ਲਈ।
ਪਰੇਡ ਵਿਚ ਸ਼ਾਮਲ ਟੁਕੜੀਆਂ ਵਿਚ ਪੰਜਾਬ ਪੁਲੀਸ ਰਿਕਰੂਟਜ਼ ਟ੍ਰੇਨਿੰਗ ਸੈਂਟਰ, ਜਹਾਨ ਖੇਲਾਂ, ਪੰਜਾਬ ਜੇਲ੍ਹ ਪੁਲੀਸ, ਚੰਡੀਗੜ੍ਹ ਪੁਲੀਸ, ਗਾਰਡੀਅਨਜ਼ ਆਫ ਗਵਰਨੈਂਸ ਅਤੇ ਪੰਜਾਬ ਆਰਮਡ ਪੁਲੀਸ ਦਾ ਪਾਈਪ ਬੈਂਡ ਸ਼ਾਮਲ ਸਨ।