ਜਗਤਾਰ ਸਿੰਘ ਸਿੱਧੂ ( ਮੈਨੇਜਿੰਗ ਐਡੀਟਰ )
ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਅੰਦਰ ਆਪਣੇ ਪੈਰ ਜਮਾਉਣ ਲਈ ਵੱਖ-ਵੱਖ ਪੱਧਰਾਂ ‘ਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸਦੀ ਤਾਜ਼ਾ ਮਿਸਾਲ ਭਾਜਪਾ ਦੀ ਕੌਮੀ ਕਾਰਜਕਰਨੀ ‘ਚ ਪੰਜਾਬ ਦੇ ਕਾਂਗਰਸ ‘ਚੋਂ ਆਏ ਸੀਨੀਅਰ ਆਗੂਆਂ ਨੂੰ ਪ੍ਰਤੀਨਿਧਤਾ ਦੇਣਾ ਹੈ। ਭਾਜਪਾ ਦੀ ਕੌਮੀ ਕਾਰਜਕਰਨੀ ‘ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਨੂੰ ਪ੍ਰਤੀਨਿਧਤਾ ਦੇਣਾ ਹੈ। ਕੌਮੀ ਪਧਰ ‘ਤੇ ਜਿਹੜੇ ਆਗੂਆਂ ਨੂੰ ਮਾਣ ਸਤਿਕਾਰ ਦਿਤਾ ਗਿਆ ਹੈ ਉਨ੍ਹਾਂ ‘ਚ ਰਾਜਕੁਮਾਰ ਵੇਰਕਾ, ਨੌਜਵਾਨ ਆਗੂ ਜੈਵੀਰ ਸ਼ੇਰਗਿੱਲ, ਕੇਵਲ ਸਿੰਘ ਢਿੱਲੋਂ, ਫਤਿਹਜੰਗ ਬਾਜਵਾ ਅਤੇ ਕਈ ਹੋਰ ਸ਼ਾਮਿਲ ਹਨ। ਇਹ ਆਗੂ ਲੰਮਾ ਸਮਾਂ ਕਾਂਗਰਸ ‘ਚ ਸਰਗਰਮ ਰਹੇ ਪਰ ਪਿਛਲੇ ਕੁਝ ਮਹੀਨਿਆਂ ‘ਚ ਇਹ ਸਾਰੇ ਭਾਜਪਾ ‘ਚ ਸ਼ਾਮਿਲ ਹੋ ਗਏ। ਬੇਸ਼ੱਕ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਹੀ ਹਨ ਪਰ ਕਾਂਗਰਸ ਵਿੱਚੋਂ ਆਏ ਆਗੂਆਂ ਨੂੰ ਵੱਡੇ ਅਹੁਦੇ ਦੇਣ ਨਾਲ ਇਹ ਸੁਨੇਹਾ ਗਿਆ ਹੈ ਕਿ ਭਾਜਪਾ ਪੰਜਾਬ ਅੰਦਰ ਆਪਣਾ ਪ੍ਰਭਾਵ ਵਧਾਉਣ ਲਈ ਹਰ ਪਧਰ ਤੇ ਕੋਸ਼ਿਸ਼ ਕਰ ਰਹੀ ਹੈ। ਇਸ ਤਬਦੀਲੀ ਦਾ ਅੀਹਮ ਪਹਿਲੂ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਸਹਿਯੋਗੀ ਰਹੇ ਆਗੂਆਂ ਨੂੰ ਚੰਗੀ ਥਾਂ ਦਿੱਤੀ ਗਈ ਹੈ। ਇਨ੍ਹਾਂ ‘ਚ ਬੀਬੀ ਜੈਇੰਦਰ ਕੌਰ ਅਤੇ ਬੀਬੀ ਲਖਵਿੰਦਰ ਕੌਰ ਗਰਚਾ ਵੀ ਸ਼ਾਮਿਲ ਹਨ।
ਭਾਜਪਾ ਵਲੋਂ ਪੰਜਾਬ ‘ਚ ਪਿਛਲੀ ਵਿਧਾਨ ਸਭਾ ਚੋਣ ਕੈਪਟਨ ਅਮਰਿੰਦਰ ਸਿੰਘ ਅਤੇ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਸਹਿਯੋਗ ਨਾਲ ਲੜੀ ਗਈ ਸੀ ਪਰ ਉਸਦੇ ਨਤੀਜੇ ਨਰਾਸ਼ਾਜਨਕ ਹੀ ਰਹੇ ਸਨ।ਭਾਜਪਾ ਨੂੰ ਦੋ ਸੀਟਾਂ ਹਾਸਿਲ ਹੋਈਆਂ ਸਨ ਪਰ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਸਾਥੀਆਂ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ।ਇਸਦੇ ਬਾਵਜੂਦ ਭਾਜਪਾ ਨੇ ਪੰਜਾਬ ‘ਚ ਆਪਣੀਆਂ ਰਾਜਸੀ ਸਰਗਰਮੀਆਂ ਅੰਦਰ ਤੇਜ਼ੀ ਲਿਆਂਦੀ ਇਸੇ ਨੀਤੀ ਦਾ ਹੀ ਸਿਟਾ ਹੈ ਕਿ ਕੌਮੀ ਕਾਰਜਕਰਨੀ ‘ਚ ਪੰਜਾਬ ਨੂੰ ਚੰਗੀ ਥਾਂ ਦਿੱਤੀ ਗਈ ਹੈ। ਪੰਜਾਬ ਭਾਜਪਾ ਦੇ ਕਈ ਸੀਨੀਅਰ ਆਗੂ ਪਹਿਲਾਂ ਹੀ ਕਾਰਜਕਰਨੀ ‘ਚ ਹਨ।
ਦੇਸ਼ ‘ਚ ਅਗਲੇ ਸਾਲ 2023 ਦੀਆਂ ਪਾਰਲੀਮੈਂਟ ਚੋਣਾ ਦੇ ਮੱਦੇਨਜ਼ਰ ਭਾਜਪਾ ਦੀਆਂ ਸਰਗਰਮੀਆਂ ਨੂੰ ਪੰਜਾਬ ਅੰਦਰ ਆਪਣੀ ਸ਼ਾਖ ਮਜਬੂਤ ਕਰਨ ਦੇ ਏਜੰਡੇ ਵਜੋਂ ਵੀ ਦੇਖਿਆ ਜਾ ਰਿਹਾ ਹੈ।ਇਹ ਸਹੀ ਹੈ ਕਿ ਇਸ ਵੇਲੇ ਭਾਜਪਾ ਕੋਲ ਇਕ ਵੀ ਪਾਰਲੀਮੈਂਟ ਦੀ ਸੀਟ ਨਹੀਂ ਹੈ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਕਾਂਗਰਸ ‘ਚੋਂ ਆਏ ਜਿਹੜੇ ਆਗੂਆਂ ਨੂੰ ਕੌਮੀ ਪਧਰ ‘ਤੇ ਮਾਣ ਸਤਿਕਾਰ ਦਿਤਾ ਗਿਆ ਹੈ ਉਨ੍ਹਾਂ ‘ਚੋਂ ਕਈ ਪਿਛਲੀ ਪਾਰਲੀਮੈਂਟ ਅਤੇ ਵਿਧਾਨ ਸਭਾ ਦੀਆਂ ਚੋਣਾ ਹਾਰ ਚੁੱਕੇ ਹਨ। ਮਿਸਾਲ ਵਜੋਂ ਕੈਪਟਨ ਅਮਰਿੰਦਰ ਪਿਛਲੀ ਚੋਣ ‘ਚ ਕੋਈ ਕਾਰਗੁਜ਼ਾਰੀ ਨਹੀਂ ਦਿਖਾ ਸਕੀ ਅਤੇ ਸੁਨੀਲ ਜਾਖੜ ਪਿਛਲੇ ਕਾਫੀ ਸਮੇਂ ਤੋਂ ਆਪਣਾ ਰਾਜਸੀ ਧਰਾਤਲ ਤਲਾਸ਼ ਰਹੇ ਹਨ। ਇਹ ਜ਼ਰੂਰ ਹੈ ਕਿ ਇਨ੍ਹਾਂ ਆਗੂਆਂ ਦਾ ਪੰਜਾਬ ‘ਚ ਇਕ ਨਾਂ ਹੈ ਅਤੇ ਭਾਜਪਾ ਨੂੰ ਪੰਜਾਬ ਅੰਦਰ ਕੱਦਾਵਰ ਨੇਤਾ ਮਿਲ ਗਏ ਹਨ। ਇਹ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਕਾਂਗਰਸ ਦੇ ਸਾਬਕਾ ਆਗੂ ਭਾਜਪਾ ਦੀ ਸਥਿਤੀ ਮਜ਼ਬੂਤ ਕਰਨ ‘ਚ ਕਿੰਨੇ ਸਹਾਈ ਹੁੰਦੇ ਹਨ।
ਜੇਕਰ ਮੁੱਦਿਆ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ ਪੰਜਾਬੀਆਂ ਦਾ ਭਰੋਸਾ ਜਿੱਤਣ ਲਈ ਪੰਜਾਬ ਦੇ ਹਿੱਤ ਲਈ ਠੋਸ ਫੈਸਲੇ ਲੈਣੇ ਪੈਣਗੇ ਕਿਉਂ ਜੋ ਕੇਵਲ ਆਗੂਆਂ ਦੀ ਦਲਬਦਲੀ ਨਾਲ ਪੰਜਾਬੀਆਂ ਦਾ ਭਰੋਸਾ ਨਹੀਂ ਜਿੱਤਿਆ ਜਾ ਸਕਦਾ । ਖਾਸ ਤੌਰ ‘ਤੇ ਜਿਹੜੇ ਆਗੂਆਂ ਨੂੰ ਪੰਜਾਬੀ ਪਹਿਲਾਂ ਹੀ ਰੱਦ ਕਰ ਚੁੱਕੇ ਹਨ ਤਾਂ ਭਾਜਪਾ ‘ਚ ਆਉਣ ਨਾਲ ਉਨ੍ਹਾਂ ਦੀ ਸ਼ਾਖ ਕਿੰਨੀ ਕੁ ਮਜ਼ਬੂਤ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਪੰਜਾਬ ਕਿਸਾਨੀ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਕਿਸਾਨੀ ਅੰਦੋਲਨ ਦੌਰਾਨ ਵੱਡੇ ਟਕਰਾਅ ‘ਚ ਰਿਹਾ ਹੈ। ਪੰਜਾਬ ਦੇ ਦਰਿਆਈ ਪਾਣੀਆਂ ਅਤੇ ਰਾਜਧਾਨੀ ਦੇ ਮਾਮਲੇ ‘ਚ ਵੀ ਪੰਜਾਬੀਆਂ ਨਾਲ ਧੱਕਾ ਹੋ ਰਿਹਾ ਹੈ। ਅਜਿਹੇ ਮਾਮਲਿਆਂ ‘ਚ ਭਾਜਪਾ ਨੂੰ ਸਪਸ਼ਟ ਸੁਨੇਹਾ ਦੇਣਾ ਪਏਗਾ। ਪੰਜਾਬ ਦੀਆਂ ਦੁਜੀਆਂ ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਅਜੇ ਵੀ ਆਪਣੀ ਸ਼ਾਖ ਬਚਾਉਣ ਦੀ ਲੜਾਈ ਲੜ ਰਹੀਆਂ ਹਨ। ਬੇਸ਼ੱਕ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਮੁਕਾਬਲੇ ਭਾਜਪਾ ਦੀ ਸਥਿਤੀ ਕੌਮੀ ਪਧਰ ‘ਤੇ ਬਹੁਤ ਮਜ਼ਬੂਤ ਹੈ ਪਰ ‘ਆਪ’ ਕੋਲ ਪੰਜਾਬ ਅੰਦਰ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਕਾਫੀ ਸਮਾਂ ਹੈ।ਇਸ ਲਈ ਭਾਜਪਾ ਵਲੋਂ ਕੇਵਲ ਦੂਸ਼ਣਬਾਜ਼ੀ ਰਾਹੀਂ ‘ਆਪ’ ਨੂੰ ਪਿਛੇ ਨਹੀ ਸੁੱਟਿਆ ਜਾ ਸਕਦਾ।