ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਹਫ਼ਤੇ ਬਾਅਦ ਇਕਾਂਤਵਾਸ ‘ਚੋਂ ਬਾਹਰ ਆ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦਾ ਕੋਰੋਨਾ ਟੈਸਟ ਕੀਤਾ ਗਿਆ ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕਾਂਤਵਾਸ ‘ਚੋਂ ਬਾਹਰ ਆਉਣ ਦਾ ਫੈਸਲਾ ਲਿਆ।
ਵਿਧਾਨ ਸਭਾ ਇਜਲਾਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸੰਪਰਕ ‘ਚ ਆਏ ਸਨ। ਕੁਲਬੀਰ ਸਿੰਘ ਜ਼ੀਰਾ ਨੇ ਸੈਸ਼ਨ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ। ਸੈਸ਼ਨ ਤੋਂ ਬਾਅਦ ਕੁਲਬੀਰ ਜ਼ੀਰਾ ਕਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ। ਵਿਧਾਇਕ ਕੁਲਬੀਰ ਜ਼ੀਰਾ ਦੇ ਪਾਜ਼ਿਟਿਵ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਸੀ।
28 ਅਗਸਤ ਨੂੰ ਇੱਕ ਦਿਨਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ, ਸੈਸ਼ਨ ਵਿੱਚ ਆਉਣ ਵਾਲੇ ਵਿਧਾਇਕਾਂ ਦਾ ਕਰੋਨਾ ਟੈਸਟ ਲਾਜ਼ਮੀ ਕੀਤਾ ਹੋਇਆ ਸੀ। ਕੁਲਬੀਰ ਜ਼ੀਰਾ ਨੇ ਵਿਧਾਨ ਸਭਾ ਸੈਸ਼ਨ ਤੋਂ ਦੋ ਦਿਨ ਪਹਿਲਾਂ ਕਰੋਨਾ ਟੈਸਟ ਕਰਵਾਇਆ ਸੀ। ਪਰ ਕੁਲਬੀਰ ਜ਼ੀਰਾ ਦੀ ਦੋ ਦਿਨ ਪਹਿਲਾਂ ਵਾਲੀ ਰਿਪੋਰਟ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਸਮੇਂ ਨਹੀਂ ਆਈ ਸੀ।
ਜਿਸ ਤੋਂ ਬਾਅਦ ਕੁਲਬੀਰ ਜ਼ੀਰਾ ਨੇ ਐਮਐਲਏ ਹੋਸਟਲ ਚੰਡੀਗੜ੍ਹ ਦੀ ਡਿਸਪੈਂਸਰੀ ਵਿੱਚ 28 ਅਗਸਤ ਸਵੇਰੇ 9 ਵਜੇ ਮੁੜ ਤੋਂ ਕੋਵਿਡ ਟੈਸਟ ਕਰਵਾਇਆ ਅਤੇ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ।
ਵਿਧਾਇਕ ਕੁਲਬੀਰ ਜ਼ੀਰਾ ਆਪਣੀ 28 ਅਗਸਤ ਵਾਲੀ ਨੈਗੇਟਿਵ ਰਿਪੋਰਟ ਲੈ ਕੇ ਵਿਧਾਨ ਸਭਾ ਪਹੁੰਚੇ। ਦੁਪਹਿਰ ਵੇਲੇ ਜਦੋਂ ਕੁਲਬੀਰ ਜ਼ੀਰਾ ਦੀ 26 ਤਰੀਕ ਵਾਲੀ ਰਿਪੋਰਟ ਵੀ ਸਾਹਮਣੇ ਆਈ ਤਾਂ ਉਸ ਵਿੱਚ ਕੁਲਬੀਰ ਜ਼ੀਰਾ ਕਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਸਨ।