ਚੰਡੀਗੜ੍ਹ: ਕੈਪਟਨ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਗਲੀ ਚੋਣਾਂ ਬਾਰੇ ਕਿਹਾ, ਮੈਂ ਹਾਲੇ ਵੀ ਪੂਰਾ ਜਵਾਨ ਹਾਂ, ਕੀ ਤੁਸੀਂ ਸੋਚਦੇ ਹੋ ਕਿ ਚੋਣਾਂ ਲੜਨ ਲਈ ਮੈਂ ਬੁੱਢਾ ਹੋ ਗਿਆ ? ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਲੜਨਗੇ। ਕੈੈੈੈਪਟਨ ਨੇ ਇਸ ਬਿਆਨ ਨਾਲ ਵਿਰੋਧੀਆਂ ਦੀ ਜ਼ੁਬਾਨ ਬੰਦ ਕਰ ਦਿੱਤੀ ਹੈ। ਦਰਅਸਲ, ਕੈਪਟਨ ਨੇ ਪਿਛਲੀ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਇਹ ਉਨ੍ਹਾਂ ਦੀ ਅੰਤਿਮ ਚੋਣ ਹੈ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਕਿਹਾ ਕਿ ਉਹ ਕਾਂਗਰਸ ਦਾ ਹਿੱਸਾ ਹਨ। ਅਸੀਂ ਉਨ੍ਹਾਂ ਦੀ ਸਾਰੀ ਇੱਛਾਵਾਂ ਨੂੰ ਧਿਆਨ ਵਿੱਚ ਰੱਖਾਂਗੇ ਅਤੇ ਇਸ ਲਈ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਕੈਪਟਨ ਨੇ ਕਿਹਾ ਕਿ ਉਹ ਤਾਂ ਸਿੱਧੂ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਦੋ ਸਾਲ ਦੇ ਸਨ। ਸਿੱਧੂ ਦੇ ਨਾਲ ਉਨ੍ਹਾਂ ਦਾ ਕੋਈ ਨਿੱਜੀ ਵਿਵਾਦ ਨਹੀਂ ਹੈ। ਇੱਕ ਵਾਰ ਜਦੋਂ ਸਿੱਧੂ ਕੁਝ ਕਰਨ ਦਾ ਮਨ ਬਣਾ ਲੈਂਦੇ ਹਨ ਤਾਂ ਕੋਈ ਵੀ ਉਨ੍ਹਾਂ ਨੂੰ ਬਦਲ ਨਹੀਂ ਸਕਦਾ।
ਉਨ੍ਹਾਂ ਸਿੱਧੂ ਵੱਲੋਂ ਪੰਜਾਬ ਨਾਲ ਸਬੰਧਤ ਮਾਮਲੇ ਸੂਬਾ ਪੱਧਰ ਤੇ ਚੁੱਕਣ ਦੀ ਬਜਾਏ ਕੇਂਦਰ ਪੱਧਰ ਤੇ ਚੁੱਕਣ ਦੇ ਬਾਰੇ ਪੁੱਛੇ ਗਏ ਸਵਾਲ ਤੇ ਕੈਪਟਨ ਨੇ ਕਿਹਾ ਕਿ ਉਹ ਪਾਰਟੀ ਵਿੱਚ ਕਿਸੇ ਨਾਲ ਕੋਈ ਵੀ ਮੁੱਦਾ ਵਿਚਾਰਨ ਦਾ ਸਵਾਗਤ ਕਰਦੇ ਹਨ। ਮੱਧ ਪ੍ਰਦੇਸ਼ ਵਿੱਚ ਵਾਪਰੇ ਸਿਆਸੀ ਘਟਨਾਕਰਮ ਤੇ ਪੁੱਛੇ ਗਏ ਸਵਾਲ ਤੇ ਕੈਪਟਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ। ਇਸ ਮਾਮਲੇ ਤੇ ਪਾਰਟੀ ਹਾਈਕਮਾਨ ਹੀ ਕੋਈ ਟਿੱਪਣੀ ਕਰ ਸਕਦਾ ਹੈ ਉਨ੍ਹਾਂ ਦਾ ਅਧਿਕਾਰ ਪੰਜਾਬ ਤੱਕ ਸੀਮਤ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਨੂੰ ਅਰਵਿੰਦ ਕੇਜਰੀਵਾਲ ਦਾ ਡਰਾਮਾ ਦੱਸਦੇ ਮੁੱਖਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਰਾਸ਼ਟਰੀ ਰਾਜਧਾਨੀ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ, ਕਿਉਂਕਿ ਉੱਥੇ ਦੀ ਸਰਕਾਰ ਨੂੰ ਨਾਂ ਕਿਸਾਨਾਂ ਉੱਤੇ ਖਰਚ ਕਰਨਾ ਪੈਂਦਾ ਹੈ ਅਤੇ ਨਾਂ ਪੁਲਿਸ ‘ਤੇ।