ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ):ਪੰਜਾਬ ਸਰਕਾਰ ਦੇ ਘਰ-ਘਰ ਨੌਕਰੀ ਦੇ ਵਾਅਦਾ ਲਾਗੂ ਹੋਣ ਨੂੰ ਸਾਰਾ ਪੰਜਾਬ ਉਡੀਕ ਰਿਹਾ ਹੈ ਪਰ ਪਿਛਲੇ 4 ਸਾਲ ਤੋਂ ਐਸ.ਐਸ.ਐਸ. ਬੋਰਡ ਰਾਹੀਂ ਭਰਤੀ ਕੀਤੀਆਂ 94 ਸੁਪਰਵਾਈਜ਼ਰਾਂ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਭਲਾਈ ਵਿਭਾਗ ਪੰਜਾਬ ਵੱਲੋਂ ਮੈਡੀਕਲ ਅਤੇ ਪੁਲੀਸ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਡਿਊਟੀਆਂ ਉਤੇ ਜੁਆਇਨ ਨਹੀਂ ਕਰਵਾ ਰਿਹਾ।
ਮੋਹਾਲੀ ਪ੍ਰੈੱਸ ਕਲੱਬ ਵਿਖੇ ਸੁਪਰਵਾਈਜ਼ਰ ਉਮੀਦਵਾਰਾਂ ਦੇ ਆਗੂ ਹਰਪਿੰਦਰ ਕੌਰ ਚੰਡੀਗੜ੍ਹ, ਰਮਨਦੀਪ ਕੌਰ ਫਿਰੋਜ਼ਪੁਰ, ਅਮਨਦੀਪ ਕੌਰ ਫਿਰੋਜ਼ਪੁਰ, ਪ੍ਰਿਯੰਕਾ ਪਟਿਆਲਾ ਆਦਿ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਕਤ ਵਿਭਾਗ ਵਿੱਚ ਸੁਪਰਵਾਈਜ਼ਰਾਂ ਦੀ ਭਰਤੀ ਨੂੰ ਪਿਛਲੇ ਚਾਰ ਸਾਲਾਂ ਤੋਂ ਲਟਕਾ ਕੇ ਰੱਖਿਆ ਹੋਇਆ ਹੈ। ਅਕਾਲੀ ਸਰਕਾਰ ਵੇਲ਼ੇ ਐਸ.ਐਸ.ਐਸ. ਬੋਰਡ ਵੱਲੋਂ ਸਤੰਬਰ 2016 ਵਿੱਚ ਸੁਪਰਵਾਈਜ਼ਰਾਂ ਦੀਆਂ 94 ਅਸਾਮੀਆਂ ਸਬੰਧੀ ਇਸ਼ਤਿਹਾਰ ਦਿੱਤਾ ਗਿਆ ਸੀ। ਇਨ੍ਹਾਂ ਅਸਾਮੀਆਂ ਬਾਰੇ ਸਾਰੀ ਭਰਤੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਉਨ੍ਹਾਂ ਦਾ ਮੈਡੀਕਲ ਅਤੇ ਪੁਲੀਸ ਵੈਰੀਫਿਕੇਸ਼ਨ ਵੀ ਕਰਵਾ ਲਈ ਗਈ ਪ੍ਰੰਤੂ ਹੁਣ ਨਾ ਤਾਂ ਵਿਭਾਗ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਨਾ ਡਿਊਟੀ ਉਤੇ ਜੁਆਇਨ ਕਰਵਾਇਆ ਜਾ ਰਿਹਾ ਹੈ।
ਉਕਤ ਲੜਕੀਆਂ ਨੇ ਭਰੇ ਮਨ ਨਾਲ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਉਨ੍ਹਾਂ ਨੂੰ ਡਿਊਟੀਆਂ ਜੁਆਇਨ ਕਰਵਾਉਣ ਵਿੱਚ ਕੀਤੀ ਜਾ ਰਹੀ ਦੇਰੀ ਨਾਲ ਉਨ੍ਹਾਂ ਦੇ ਮਨੋਬਲ ਨੂੰ ਭਾਰੀ ਢਾਹ ਲੱਗ ਰਹੀ ਹੈ ਕਿਉਂਕਿ ਜੇਕਰ ਲੜਕੀਆਂ ਨੂੰ ਪੜ੍ਹ ਲਿਖ ਕੇ ਵੀ ਇਸ ਤਰ੍ਹਾਂ ਹੀ ਦਰ-ਦਰ ਦੇ ਧੱਕੇ ਹੀ ਖਾਣੇ ਪੈਣੇ ਹਨ, ਤਾਂ ਫਿਰ ਅਜਿਹੀ ਪੜ੍ਹਾਈ ਲਿਖਾਈ ਦਾ ਕੋਈ ਫਾਇਦਾ ਨਹੀਂ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਭਰਤੀ ਵਿੱਚ ਕੋਈ ਨਵੇਂ ਪੁਰਾਣੇ ਤਨਖਾਹ ਸਕੇਲਾਂ ਦਾ ਰੇੜਕਾ ਹੈ ਤਾਂ ਵੀ ਉਸ ਨੂੰ ਦੂਰ ਕਰਕੇ ਉਨ੍ਹਾਂ ਨੂੰ ਡਿਊਟੀ ਜੁਆਇਨ ਕਰਵਾਇਆ ਜਾਵੇ ਅਤੇ ਦਰ ਦਰ ਦੀਆਂ ਠੋਕਰਾਂ ਖਾ ਰਹੀਆਂ ਇਨ੍ਹਾਂ ਪੰਜਾਬ ਦੀਆਂ ਧੀਆਂ ਨੂੰ ਰਾਹਤ ਦਿੱਤੀ ਜਾਵੇ।