ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੱਦਾਖ ਵਿਖੇ ਸ਼ਹੀਦ ਹੋਏ ਪੰਜਾਬ ਦੇ ਚਾਰ ਫੌਜੀ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਦੀ ਰਾਸ਼ੀ ਨੂੰ 10 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਜਵਾਨਾਂ ਦੇ ਬੱਚਿਆਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬਹਾਦਰ ਫੌਜੀਆਂ ‘ਤੇ ਮਾਣ ਹੈ ਅਤੇ ਫੌਜੀਆਂ ਦੀ ਸ਼ਹਾਦਤ ਸਾਡੇ ਲਈ ਸਭ ਤੋਂ ਉੱਚਾ ਸਥਾਨ ਰੱਖਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਤਿਆਰ ਹੈ ਅਤੇ ਇਨ੍ਹਾਂ ਪਰਿਵਾਰਾਂ ਦੀ ਜਿੰਨੀ ਮਦਦ ਕੀਤੀ ਜਾਵੇ ਘੱਟ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਲਵਾਨ ਘਾਟੀ ਵਿੱਚ ਚੀਨੀ ਫੌਜਾਂ ਵੱਲੋਂ ਜਿਸ ਕਰੂਰਤਾ ਨਾਲ 20 ਭਾਰਤੀ ਫੌਜੀਆਂ ਨੂੰ ਕਤਲ ਕੀਤਾ ਗਿਆ ਉਸਨੂੰ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਇਸ ਹਿੰਸਕ ਝੜਪ ਵਿੱਚ ਕੀਮਤੀ ਜਾਨਾਂ ਜਾਣ ਲਈ ਜ਼ਿੰਮੇਵਾਰੀ ਤੈਅ ਹੋਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੀ ਕੌਮ ਆਪਣੇ ਨਾਗਰਿਕਾਂ ਉੱਪਰ ਹੋਏ ਇਸ ਘਿਨਾਉਣੇ ਹਮਲੇ ਲਈ ਕੇਂਦਰ ਸਰਕਾਰ ਪਾਸੋਂ ਢੁੱਕਵਾਂ ਜਵਾਬ ਦਿੱਤੇ ਜਾਣ ਦੀ ਉਮੀਦ ਕਰ ਰਹੀ ਹੈ।
ਦੱਸ ਦਈਏ ਕਿ ਭਾਰਤ ਅਤੇ ਚੀਨ ਦੀ ਫੌਜ ਦੇ ਵਿਚਾਲੇ ਲੱਦਾਖ ‘ਚ ਹੋਈ ਹਿੰਸਕ ਝੜਪ ‘ਚ 20 ਭਾਰਤੀ ਫੌਜੀਆਂ ਦੀ ਜਾਨ ਚਲੀ ਗਈ ਸੀ ਅਤੇ ਚਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਸ਼ਹੀਦ ਜਵਾਨਾਂ ‘ਚ 4 ਜਵਾਨ ਪੰਜਾਬ ਦੇ ਸਨ। ਇਨ੍ਹਾਂ ‘ਚ ਮਾਨਸਾ ਦਾ ਗੁਰਤੇਜ ਸਿੰਘ (ਸਿਪਾਹੀ ), ਸੰਗਰੂਰ ਤੋਂ ਗੁਰਵਿੰਦਰ ਸਿੰਘ (ਸਿਪਾਹੀ ), ਗੁਰਦਾਸਪੁਰ ਤੋਂ ਸਤਨਾਮ ਸਿੰਘ (ਨਾਇਬ ਸੂਬੇਦਾਰ) ਅਤੇ ਪਟਿਆਲਾ ਤੋਂ ਮਨਦੀਪ ਸਿੰਘ (ਨਾਇਬ ਸੂਬੇਦਾਰ) ਸ਼ਾਮਲ ਸਨ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਬਿਹਾਰ ਰੈਜੀਮੈਂਟ ਦੇ ਜਵਾਨ ਸ਼ਹੀਦ ਹੋਏ ਹਨ।