ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਗਾ ਵਿਚ ਜੂਨ, 2020 ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਕਾਂਸਟੇਬਲ ਜਗਮੋਹਨ ਸਿੰਘ ਦੇ ਪਰਿਵਾਰ ਨੂੰ ਐਕਸ-ਗ੍ਰੇਸ਼ੀਆ ਮੁਆਵਜ਼ੇ ਵਜੋਂ ਇੱਕ ਕਰੋੜ ਰੁਪਏ ਦਾ ਚੈਕ ਸੌਂਪਿਆ।
ਮੋਗਾ ਦੇ ਪਿੰਡ ਮਾਣੂਕੇ ਗਿੱਲ ਦਾ 46 ਸਾਲਾ ਕਾਂਸਟੇਬਲ ਜਗਮੋਹਨ ਸਿੰਘ, ਜੋ ਕਿ 2011 ਬੈਚ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ, 8 ਜੂਨ, 2020 ਨੂੰ ਅੱਗ ਲਗਾਉਣ ਦੀ ਘਟਨਾ ਬਾਰੇ ਮਿਲੀ ਸ਼ਿਕਾਇਤ ਸਬੰਧੀ ਮੋਗਾ ਦੇ ਪਿੰਡ ਖੋਸਾ ਪਾਂਡੋ ਗਿਆ ਸੀ ਜਿਥੇ ਅਪਰਾਧੀ ਵਲੋਂ ਖੁੱਲੇਆਮ ਗੋਲੀਆਂ ਚਲਾਉਣ ‘ਤੇ ਉਸ ਦੀ ਮੌਤ ਹੋ ਗਈ। ਪੰਜਾਬ ਪੁਲਿਸ ਵਿਚ ਭਰਤੀ ਹੋਣ ਤੋਂ ਪਹਿਲਾਂ ਜਗਮੋਹਨ ਸਿੰਘ ਨੇ ਭਾਰਤੀ ਫੌਜ ਵਿਚ ਵੀ ਸੇਵਾਵਾਂ ਨਿਭਾਈਆਂ ਸਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਸ਼ਹੀਦ ਜਗਮੋਹਨ ਸਿੰਘ ਦੀ ਵਿਧਵਾ ਸੁਖਵਿੰਦਰ ਕੌਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਉਹਨਾਂ ਨਾਲ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਇਸ ਮੌਕੇ ਮੌਜੂਦ ਸ਼ਹੀਦ ਪੁਲਿਸ ਕਾਂਸਟੇਬਲ ਦੇ ਪੁੱਤਰ ਨੂੰ ਉਸਦੀ 10 + 2 ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ।
Handed over compensation of Rs 1 crore to family of @PunjabPoliceInd martyr Constable Jagmohan Singh, an ex-serviceman, who laid down his life in line of duty when criminals opened fire on the police party who were responding to a distress call from a villager in Moga. pic.twitter.com/3wEb0lGuBo
— Capt.Amarinder Singh (@capt_amarinder) February 1, 2021
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਰਕਮ ਇਸ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀ ਪਰ ਪੰਜਾਬ ਸਰਕਾਰ ਹਮੇਸ਼ਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਮੁੱਖ ਮੰਤਰੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ 1 ਕਰੋੜ ਰੁਪਏ ਮੁਆਵਜ਼ੇ ਦੀ ਰਕਮ ਐਚ.ਡੀ.ਐਫ.ਸੀ. ਬੈਂਕ ਵਲੋਂ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ ਵਿਸ਼ੇਸ਼ ਬੀਮਾ ਕਵਰ ਤਹਿਤ ਦਿੱਤੀ ਗਈ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹ ਰਕਮ ਸਰਕਾਰੀ ਨਿਯਮਾਂ ਤਹਿਤ ਸ਼ਹੀਦ ਦੇ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਹੋਰ ਫਾਇਦਿਆਂ ਤੋਂ ਇਲਾਵਾ ਹੈ।
ਡੀਜੀਪੀ ਗੁਪਤਾ ਨੇ ਪੰਜਾਬ ਪੁਲਿਸ ਦੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਵਾਸਤੇ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਕਰਮਚਾਰੀਆਂ ਲਈ 1 ਕਰੋੜ ਰੁਪਏ ਦੀ ਵਿਸ਼ੇਸ਼ ਬੀਮਾ ਕਵਰ ਯੋਜਨਾ ਸ਼ੁਰੂ ਕਰਨ ਲਈ ਐਚਡੀਐਫਸੀ ਬੈਂਕ ਦੀ ਸ਼ਲਾਘਾ ਕੀਤੀ। ਡੀਜੀਪੀ ਵਲੋਂ ਸ਼ਹੀਦ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਪੰਜਾਬ ਪੁਲਿਸ ਹਮੇਸ਼ਾਂ ਉਹਨਾਂ ਦੇ ਨਾਲ ਖੜ੍ਹੀ ਹੈ ਅਤੇ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਕਰਮਚਾਰੀਆਂ ਨੂੰ 1 ਕਰੋੜ ਰੁਪਏ ਦਾ ਵਿਸ਼ੇਸ਼ ਬੀਮਾ ਕਵਰ ਦੇਣਾ ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਪਹਿਲਕਦਮੀ ਹੈ। ਇਹ ਪੰਜਾਬ ਦੇ ਪੁਲਿਸ ਮੁਲਾਜ਼ਮਾਂ ਨੂੰ ਲਾਭ ਦੇਣ ਵਾਲੀ ਦੇਸ਼ ਵਿਚ ਆਪਣੀ ਕਿਸਮ ਦੀ ਇਕੋ ਇਕ ਯੋਜਨਾ ਹੈ ਜਿਥੇ ਪੁਲਿਸ ਕਰਮੀਆਂ ਨੂੰ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਨਿਰੰਤਰ ਤਸਕਰੀ ਸਮੇਤ ਰਾਸ਼ਟਰੀ ਸੁਰੱਖਿਆ ਸਬੰਧੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਕੀਮ ਤਹਿਤ ਐਚਡੀਐਫਸੀ ਬੈਂਕ ਨੇ ਮਈ 2020 ਵਿਚ ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਜਵਾਨਾਂ ਦੇ ਸ਼ਹੀਦ ਹੋਣ ‘ਤੇ 1 ਕਰੋੜ ਰੁਪਏ ਦਾ ਮੁਫਤ ਬੀਮਾ ਕਵਰ (ਪ੍ਰਤੀ ਸਾਲ ਵੱਧ ਤੋਂ ਵੱਧ 5 ਕਲੇਮ) ਪ੍ਰਦਾਨ ਕਰਨ ਲਈ ਇਕ ਸਮਝੌਤਾ ਸਹੀਬੱਦ ਕੀਤਾ ਸੀ। ਇਸ ਸਕੀਮ ਤਹਿਤ ਪੁਲਿਸ ਕਰਮਚਾਰੀਆਂ ਵਲੋਂ (1) ਅੱਤਵਾਦੀ / ਖਾੜਕੂਆਂ ਅਤੇ ਸੰਗਠਿਤ ਅਪਰਾਧਿਕ ਗਿਰੋਹ / ਤਸਕਰ / ਨਸ਼ਾ ਸਪਲਾਇਰ ਦੀ ਗ੍ਰਿਫਤਾਰੀ (2) ਅੱਤਵਾਦੀ ਹਮਲਿਆਂ ਦਾ ਮੁਕਾਬਲਾ ਕਰਨ (3) ਘਿਨੌਣੇ/ਗੰਭੀਰ ਜੁਰਮਾਂ ਦੀ ਰੋਕਥਾਮ (4) ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਲਈ (5) ਕਈ ਕਿਸਮਾਂ ਦੀਆਂ ਕੁਦਰਤੀ ਅਤੇ ਮਨੁੱਖੀ ਤਬਾਹੀਆਂ ਦੌਰਾਨ ਖੋਜ ਅਤੇ ਬਚਾਅ ਮਿਸ਼ਨ ਦੌਰਾਨ ਕੀਤੀਆਂ ਕਾਰਵਾਈਆਂ ਵਿਚ ਸ਼ਹੀਦ ਹੋਣ ‘ਤੇ ਮੁਆਵਜ਼ਾ ਦਿੱਤਾ ਜਾਂਦਾ ਹੈ।