ਓਟਵਾ: ਕੋਰੋਨਾ ਸਬੰਧੀ ਨਿਯਮਾਂ ਨੂੰ ਤੋੜਨ ਵਾਲੇ ਕੈਨੇਡਾ ਵਾਸੀਆਂ ਨੂੰ ਮੌਜੂਦਾ ਸਾਲ ਦੌਰਾਨ 15 ਮਿਲੀਅਨ ਡਾਲਰ ਦੇ ਜੁਰਮਾਨੇ ਕੀਤੇ ਗਏ। ਕੰਜ਼ਰਵੇਟਿਵ ਪਾਰਟੀ ਦੇ ਐਮ.ਪੀ. ਐਰਿਕ ਡੰਕਨ ਦੀ ਅਪੀਲ `ਤੇ ਹਾਊਸ ਆਫ਼ ਕਾਮਨਜ਼ ‘ਚ ਇਸ ਸਬੰਧੀ ਜਾਣਕਾਰੀ ਪੇਸ਼ ਕੀਤੀ ਗਈ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ 15 ਮਿਲੀਅਨ ਡਾਲਰ ਦੀ ਰਕਮ ਵਿਚੋਂ ਕਿੰਨੀ ਰਕਮ ਸਰਕਾਰੀ ਖ਼ਜ਼ਾਨੇ ਵਿਚ ਪੁੱਜੀ।
ਇਸ ਸਾਲ ਜ਼ਿਆਦਾਤਰ ਬੰਦਿਸ਼ਾਂ ਨੂੰ ਹਟਾ ਦਿੱਤਾ ਗਿਆ ਪਰ ਬਗੈਰ ਵੈਕਸੀਨੇਸ਼ਨ ਵਾਲਿਆਂ ਲਈ ਟੈਸਟਿੰਗ ਵਾਲਾ ਨਿਯਮ ਅਕਤੂਬਰ ਤੱਕ ਲਾਗੂ ਰਿਹਾ। ਉੱਥੇ ਹੀ ਦੂਜੇ ਪਾਸੇ ਅਰਾਈਵਕੋਨ ਐਪ `ਤੇ ਜਾਣਕਾਰੀ ਅਪਲੋਡ ਕਰਨ ਦੀ ਬੰਦਿਸ਼ ਵੀ ਜਾਰੀ ਰਹੀ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਮੁਤਾਬਕ ਜੁਰਮਾਨਿਆਂ ਨਾਲ ਸਬੰਧਤ ਜਾਣਕਾਰੀ ਬੀ ਸੀ, ਓਨਟਾਰੀਓ, ਮੈਨੀਟੋਬਾ ਅਤੇ ਐਟਲਾਂਟਿਕ ਕੈਨੇਡਾ ਨਾਲ ਸਬੰਧਤ ਹੈ ਅਤੇ ਇਸ ਵਿਚ ਐਲਬਰਟਾ, ਸਸਕੈਚਵਨ ਜਾਂ ਹੋਰ ਖੇਤਰਾਂ ਦੇ ਅੰਕੜੇ ਸ਼ਾਮਲ ਨਹੀਂ। ਜਨਵਰੀ ਤੋਂ ਅਗਸਤ ਦਰਮਿਆਨ ਫੈਡਰਲ ਕੁਆਰਨਟੀਨ ਐਕਟ ਅਧੀਨ 3,614 ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਜੁਰਮਾਨੇ ਦੀ ਦਰ 800 ਡਾਲਰ ਤੋਂ ਲੈ ਕੇ 5 ਹਜ਼ਾਰ ਡਾਲਰ ਤੱਕ ਰਹੀ। ਇਕ ਟਿਕਟ ਵਿਚ ਕਈ ਮੌਕਿਆਂ ਬਹੁਤੇ ਨਿਯਮ ਤੋੜਨ ਦਾ ਜ਼ਿਕਰ ਵੀ ਕੀਤਾ ਗਿਆ।
ਉੱਥੇ ਹੀ ਆਬਾਦੀ ਦੇ ਹਿਸਾਬ ਨਾਲ ਮੁਲਕ ਦੇ ਸਭ ਤੋਂ ਵੱਡੇ ਸੂਬੇ ਓਨਟਾਰੀਓ ਵਿਚ ਜੁਰਮਾਨੇ ਵੀ ਸਭ ਤੋਂ ਵੱਧ ਹੋਏ। ਇਥੇ ਕੈਨੇਡਾ ਦਾ ਸਭ ਤੋਂ ਵੱਡਾ ਹਵਾਈ ਅੱਡਾ ਅਤੇ ਅਮਰੀਕਾ ਨਾਲ ਲਗਦਾ ਸਭ ਤੋਂ ਵੱਧ ਭੀੜ ਵਾਲਾ ਸਰਹੱਦੀ ਲਾਂਘਾ ਮੌਜੂਦ ਹੈ। ਓਨਟਾਰੀਓ ‘ਚ 2, 672 ਟਿਕਟਾਂ ਦਿੱਤੀਆਂ ਗਈਆਂ ਜਦਕਿ ਬੀ.ਸੀ. ‘ਚ 709 ਅਤੇ ਮੈਨੀਟੋਬਾ ‘ਚ 210 ਜਣਿਆਂ ਨੂੰ ਜੁਰਮਾਨਾ ਕੀਤਾ ਗਿਆ। ਹਾਊਸ ਆਫ ਕਾਮਨਜ਼ ਵਿਚ ਪੇਸ਼ ਅੰਕੜੇ ਸਿਰਫ਼ ਅੱਠ ਮਹੀਨੇ ਤੱਕ ਸੀਮਤ ਰਹੇ ਪਰ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਸਤੰਬਰ ਮਹੀਨੇ ਦੌਰਾਨ ਵੀ ਜੁਰਮਾਨਿਆਂ ਦਾ ਸਿਲਸਿਲਾ ਜਾਰੀ ਰਿਹਾ। ਪਬਲਿਕ ਹੈਲਥ ਏਜੰਸੀ ਦੀ ਵੈਬਸਾਈਟ ਮੁਤਾਬਕ ਮਹਾਂਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ 19 ਹਜ਼ਾਰ ਟਿਕਟਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਜੁਰਮਾਨੇ ਦੀ ਅਸਲ ਰਕਮ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ। ਹੈਲਥ ਕੈਨੇਡਾ ਦੀ ਤਰਜਮਾਨ ਟੈਮੀ ਨੇ ਦੱਸਿਆ ਕਿ ਟਿਕਟ ਜਾਰੀ ਹੋਣ ਮਗਰੋਂ ਮਾਮਲਾ ਅਦਾਲਤ ਵਿਚ ਪਹੁੰਚ ਜਾਂਦਾ ਹੈ। ਓਨਟਾਰੀਓ ਸਰਕਾਰ ਜੁਰਮਾਨੇ ਦੀ ਵਸੂਲੀ ਬਾਰੇ ਕੋਈ ਅੰਕੜਾ ਪੇਸ਼ ਨਹੀਂ ਕਰ ਸਕੀ ਪਰ ਬੀ. ਸੀ. ਵਿਚ ਗਿਣੇ-ਚੁਣੇ ਲੋਕਾਂ ਵੱਲੋਂ ਹੀ ਜੁਰਮਾਨਾ ਅਦਾ ਕੀਤਾ ਗਿਆ। ਬੀ.ਸੀ. ਵਿਚ 97 ਟਿਕਟਾਂ ਦੇ ਜੁਰਮਾਨੇ ਹੁਣ ਤੱਕ ਅਦਾ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਦੀ ਰਕਮ ਤਕਰੀਬਨ 3 ਲੱਖ ਡਾਲਰ ਬਣਦੀ ਹੈ। ਫੈਡਰਲ ਅਤੇ ਪ੍ਰੋਵਿਨਸ਼ੀਅਲ ਲੈਵਲ ‘ਤੇ ਕੀਤੇ ਗਏ 93 ਲੱਖ ਡਾਲਰ ਦੇ ਜੁਰਮਾਨਿਆਂ ਵਿਚੋਂ ਹੁਣ ਤੱਕ 9 ਲੱਖ ਡਾਲਰ ਹੀ ਵਸੂਲ ਹੋਣ ਦੀ ਜਾਣਕਾਰੀ ਮਿਲੀ ਹੈ।