ਓਟਵਾ : ਕੈਨੇਡੀਅਨ ਆਰਮਡ ਫਰਸਿਜ਼ ਵੱਲੋਂ ਵੈਕਸੀਨੇਸ਼ਨ ਤੋਂ ਇਨਕਾਰ ਕਰਨ ਵਾਲੇ ਆਪਣੇ ਕਿ ਜਵਾਨਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ ਜਦਕਿ ਕਈਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਚੀਫ ਆਫ ਦ ਡਿਫੈਂਸ ਸਟਾਫ ਜਨਰਲ ਵੇਅਨ ਆਇਰ ਨੇ ਸਾਰੇ ਸੈਨਿਕਾਂ ਨੂੰ ਅਕਤੂਬਰ ਦੇ ਮੱਧ ਤੱਕ ਕੋਵਿਡ-19 ਸਬੰਧੀ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾਉਣ ਦੇ ਹੁਕਮ ਸੁਣਾਏ ਸਨ ਪਰ ਫਿਰ ਵੀ ਤੈਅ ਮਿਆਦ ਦਸੰਬਰ ਦੇ ਮੱਧ ਤੱਕ ਕੀਤੇ ਜਾਣ ਦੇ ਬਾਵਜੂਦ ਕਈ ਜਵਾਨਾਂ ਨੇ ਟੀਕਾ ਨਹੀਂ ਲਗਵਾਇਆ, ਹਾਲਾਂਕਿ ਬਹੁਤੇ ਸਰਵਿਸ ਮੈਂਬਰਾਂ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕੀਤੀ ਗਈ।
ਡਿਫੈਂਸ ਡਿਪਾਰਟਮੈਂਟ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 98 ਫੀਸਦੀ ਕੈਨੇਡੀਅਨ ਫੌਜੀਆਂ ਵੱਲੋਂ ਵੈਕਸੀਨੇਸ਼ਨ ਕਰਵਾ ਲਈ ਗਈ ਹੈ ਪਰ ਹਾਲੇ ਵੀ ਸੈਂਕੜੇ ਅਜਿਹੇ ਜਵਾਨ ਹਨ ਜਿਨ੍ਹਾਂ ਨੇ ਵੈਕਸੀਨੇਸ਼ਨ ਨਹੀਂ ਕਰਵਾਈ। ਹੁਣ ਅਜਿਹੇ ਸੈਨਿਕਾਂ ਨੂੰ ਹੀ ਫੌਜ ਤੋਂ ਬਾਹਰ ਕੀਤਾ ਜਾ ਰਿਹਾ ਹੈ।
ਰੱਖਿਆ ਮੰਤਰਾਲੇ ਦੇ ਬੁਲਾਰੇ ਡੈਨੀਅਲ ਲੀ ਬੌਥਿਲੀਅਰ ਨੇ ਦੱਸਿਆ ਕਿ ਕੈਨੇਡੀਅਨ ਆਰਮਡ ਫੋਰਸਿਜ਼ ਦੇ 58 ਮੈਂਬਰਾਂ ਨੂੰ ਵੈਕਸੀਨੇਸ਼ਨ ਕਰਵਾਉਣ ਤੋਂ ਇਨਕਾਰ ਕਰਨ ‘ਤੇ ਫੌਜ ਤੋਂ ਬਾਹਰ ਕਰ ਦਿੱਤਾ ਗਿਆ।ਇਸ ਤੋਂ ਇਲਾਵਾ 246 ਹੋਰ ਨੂੰ ਇਸ ਸਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਨੂੰ ਫੌਜ ਤੋਂ ਬਾਹਰ ਕਰਨ ਦੀ ਪ੍ਰਕਿਰਿਆ ਵੀ ਆਰੰਭੀ ਜਾ ਚੁੱਕੀ ਹੈ। ਇਸ ਤੋਂ ਇਲਾਵਾ 66 ਸੈਨਿਕ ਆਪਣੀ ਮਰਜ਼ੀ ਨਾਲ ਹੀ ਫੌਜ ਛੱਡ ਕੇ ਚਲੇ ਗਏ।