ਓਟਾਵਾ: ਕੈਨੇਡਾ ਸਰਕਾਰ ਵੱਲੋਂ ਕੋਰੋਨਾ ਦੇ ਹਾਲਾਤਾਂ ਨੂੰ ਦੇਖਦਿਆਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਲਾਕਡਾਊਨ ਤੋਂ ਪ੍ਰਭਾਵਿਤ ਕਾਰੋਬਾਰੀਆਂ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਨੇ ਅਸਥਾਈ ਤੌਰ ‘ਤੇ ਆਰਥਿਕ ਸਹਾਇਤਾ ਪ੍ਰੋਗਰਾਮ ਲਈ ਯੋਗਤਾ ਦਾ ਵਿਸਥਾਰ ਕੀਤਾ ਹੈ। ਸਰਕਾਰ ਵੱਲੋਂ ਇਹ ਕਦਮ ਕੋਵਿਡ-19 ਵੇਰੀਐਂਟ ਓਮੀਕਰੋਨ ਦੇ ਫੈਲਣ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਵੀ ਚੁੱਕੇ ਜਾ ਰਹੇ ਹਨ।
ਕੈਨੇਡਾ ਵਰਕਰ ਲਾਕਡਾਊਨ ਬੈਨਿਫਿਟ ਇਮਪਲੌਇਡ ਅਤੇ ਸੈਲਫ਼ ਇਮਪਲੌਇਡ ਲੌਕਾਂ ਨੂੰ ਅਸਥਾਈ ਸਹਾਇਤਾ ਪ੍ਰਦਾਨ ਕਰਦਾ ਹੈ। ਇਹ ਬੈਨਿਫਿਟ ਕੋਵਿਡ-19 ਲਾਕਡਾਊਨ ਕਾਰਨ ਕੰਮ ਨਾਂ ਕਰ ਪਾ ਰਹੇ ਲੋਕਾਂ ਨੂੰ ਹਫ਼ਤੇ ਵਿੱਚ $300 ਦੀ ਸਹਾਇਤਾ ਰਾਸ਼ੀ ਦਿੰਦਾ ਹੈ। ਇਹ ਸਿਰਫ਼ ਲਾਕਡਾਊਨ ਖੇਤਰ ਵਿੱਚ ਉਹਨਾਂ ਲਈ ਉਪਲਬਧ ਹੈ ਜੋ ਸਮਰੱਥ ਪਾਬੰਦੀਆਂ ਦੇ ਨਤੀਜੇ ਵਜੋਂ ਕੰਮ ਨਹੀਂ ਕਰ ਸਕਦੇ। ਸੀ.ਐੱਲ.ਬੀ.ਵੀ ‘ਚ ਉਨ੍ਹਾਂ ਕਾਰੋਬਾਰਾਂ ਲਈ ਵੀ ਸਹਾਇਤਾ ਸ਼ਾਮਲ ਹੈ ਜਿਨ੍ਹਾਂ ਨੂੰ ਸਥਾਨਕ ਤਾਲਾਬੰਦੀ ਦੇ ਹਿੱਸੇ ਵਜੋਂ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਦੱਸ ਦਈਏ ਕਿ ਹੁਣ ਕੈਨੇਡਾ ਦੇ ਕਈ ਸੂਬਿਆਂ ਵਿਚ ਹੈਲਥ ਨਿਯਮਾਂ ‘ਚ ਸਖ਼ਤੀ ਅਤੇ ਕਪੈਸਿਟੀ ਲਿਮਿਟ ਲਾਗੂ ਕੀਤੇ ਜਾਣ ਦੇ ਐਲਾਨ ਕਰ ਦਿੱਤੇ ਗਏ ਹਨ। ਇਸ ਸਮੇਂ ਕਿਸੇ ਵੀ ਖੇਤਰ ਵਿੱਚ ਪੂਰੀ ਤਾਲਾਬੰਦੀ ਨਾਂ ਹੋਣ ਕਾਰਨ ਲਾਕਡਾਊਨ ਲਾਭਾਂ ਦਾ ਵਿਸਤਾਰ ਕਰਦਿਆਂ ਸਰਕਾਰ ਨੇ ਕਿਹਾ ਹੈ ਕਿ ਇਸ ਬੈਨਿਫਿਟ ਲਈ ਉਨ੍ਹਾਂ ਸੂਬਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿੱਥੇ ਸੂਬਾਈ ਜਾਂ ਖੇਤਰੀ ਸਰਕਾਰਾਂ ਨੇ 50% ਜਾਂ ਇਸ ਤੋਂ ਵੱਧ ਸਮਰੱਥਾ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ।
ਇੱਕ ਨਿਊਜ਼ ਰੀਲੀਜ਼ ‘ਚ ਕੈਨੇਡਾ ਰੈਵੇਨਿਊ ਏਜੰਸੀ ਨੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੈਨੀਟੋਬਾ, ਓਨਟਾਰੀਓ, ਕਿਊਬਿਕ, ਨਿਊ ਬਰੰਜ਼ਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਅਤੇ ਨੂਨਾਵਟ ਨੂੰ ਲਾਕਡਾਊਨ ਖੇਤਰਾਂ ਵਜੋਂ ਡਿਫਾਇਨ ਕੀਤਾ ਗਿਆ ਹੈ।
ਜੇ ਤੁਸੀਂ ਕਪੈਸਿਟੀ ਲਿਮਿਟ ਪਾਬੰਦੀਆਂ ਤੋਂ ਪ੍ਰਭਾਵਿਤ ਹੋ ਤਾਂ ਤੁਸੀਂ ਕੈਨੇਡਾ ਵਰਕਰ ਲੌਕਡਾਊਨ ਬੈਨਿਫ਼ਿਟ ਲਈ ਅਪਲਾਈ ਕਰਨ ਦੇ ਯੋਗ ਹੋਵੋਗੇ। ਕੈਨੇਡਾ ਵਰਕਰ ਲਾਕਡਾਊਨ ਬੈਨਿਫਿਟ ਦਾ ਲਾਭ ਲੈਣ ਲਈ ਅਤੇ ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀਂ CRA ਦੀ ਵੈੱਬਸਾਈਟ ‘ਤੇ ਵਿਜ਼ਿਟ ਕਰ ਸਕਦੇ ਹੋ।