ਓਟਾਵਾ : ਕੈਨੇਡਾ ਦੀ ਟਰੂਡੋ ਸਰਕਾਰ ਜਲਦ ਹੀ ਭਾਰਤ ਵਿੱਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਅਹੁਦੇ ਲਈ ਵਪਾਰਕ ਮਾਹਰ ਕੈਮਰਨ ਮੈਕਾਏ ਟਰੂਡੋ ਦੀ ਪਹਿਲੀ ਪਸੰਦ ਹਨ, ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਇਸ ਅਹੁਦੇ ‘ਤੇ ਪਹਿਲਾਂ ਨਾਦਿਰ ਪਟੇਲ ਨਿਯੁਕਤ ਸਨ, ਜੋ ਕਿ ਛੇ ਸਾਲ ਸੇਵਾਵਾਂ ਨਿਭਾਉਣ ਮਗਰੋਂ ਬੀਤੇ ਜੂਨ ਮਹੀਨੇ ‘ਚ ਕੈਨੇਡਾ ਪਰਤ ਗਏ ।
ਕੈਮਰਨ ਮੈਕਾਏ, ਮੌਜੂਦ ਸਮੇਂ ਇੰਡੋਨੇਸ਼ੀਆ ਵਿੱਚ ਕੈਨੇਡਾ ਦੇ ਅੰਬੈਸਡਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਮੈਕਾਏ ਦਾ ਦੋ ਮੁਲਕਾਂ ਵਿਚਾਲੇ ਵਪਾਰਕ ਸੰਧੀਆਂ ਕਰਵਾਉਣ ਵਿੱਚ ਕਾਫ਼ੀ ਚੰਗਾ ਰਿਕਾਰਡ ਰਿਹਾ ਹੈ।
ਉਹ ‘ਗਲੋਬਲ ਅਫੇਅਰਜ਼ ਕੈਨੇਡਾ’ ਦੇ ਟਰੇਡ ਨੈਗੋਸ਼ੀਏਸ਼ਨਜ਼ ਬਿਊਰੋ ‘ਚ ਡਾਇਰੈਕਟਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਕੈਨੇਡਾ ਦੇ ਦੁਵੱਲੇ, ਖੇਤਰੀ ਤੇ ਬਹੁਪੱਖੀ ਵਪਾਰਕ ਸਮਝੌਤਿਆਂ ਨੂੰ ਨੇਪਰੇ ਚਾੜ੍ਹਨ ਵਿੱਚ ਵਡਮੁੱਲਾ ਯੋਗਦਾਨ ਪਾਇਆ।
ਭਾਰਤ ਤੇ ਕੈਨੇਡਾ ਵਿਚਾਲੇ ਮੁਕਤ ਵਪਾਰ ਸਮਝੌਤੇ ‘ਤੇ ਚਰਚਾ ਫਿਰ ਤੋਂ ਸ਼ੁਰੂ ਹੋ ਗਈ ਹੈ, ਅਜਿਹੇ ਵਿੱਚ ਕੈਮਰਨ ਮੈਕਾਏ ਅਹਿਮ ਭੂਮਿਕਾ ਨਿਭਾ ਸਕਦੇ ਹਨ।