ਅੰਮ੍ਰਿਤਸਰ/ਸਰੀ: ਕੈਨੇਡਾ ‘ਚ ਪਾਵਨ ਸਰੂਪ ਦੀ ਛਪਾਈ ‘ਚ ਵਰਤੀ ਗਈ ਪੀਡੀਐੱਫ ਫਾਈਲ ਵਾਲੀ ਪੈੱਨ ਡਰਾਈਵ ਜਬਤ ਕਰ ਲਈ ਗਈ ਹੈ। ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ , ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਕੋਲੋਂ ਭਾਈ ਹਰਦੀਪ ਸਿੰਘ ਨਿੱਜਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਛਪਾਈ ਵਿਚ ਵਰਤੀ ਗਈ ਸਾਰੀ ਮਸ਼ੀਨਰੀ ਸਮੇਤ ਪੀ.ਡੀ.ਐਫ ਫਾਈਲ ਵਾਲੀ ਪੈੱਨ ਡਰਾਈਵ ਪ੍ਰਾਪਤ ਕੀਤੀ ਹੈ।
ਉਸ ਸਬੰਧੀ ਰਿਪੁਦਮਨ ਸਿੰਘ ਮਲਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਇਹ ਸਪੱਸ਼ਟ ਦੱਸਣ ਲਈ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਲਈ ਉਨ੍ਹਾਂ ਨੇ ਪੀ.ਡੀ.ਐਫ ਫਾਈਲ ਵਾਲੀ ਪੈਂਨ ਡਰਾਈਵ ਕਿਸ ਤੋਂ ਅਤੇ ਕਿਥੋਂ ਪ੍ਰਾਪਤ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਦੀ ਜਾਣਕਾਰੀ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੇਜਣ ਨੂੰ ਕਿਹਾ ਹੈ।
ਦਸ ਦਈਏ ਕੈਨੇਡਾ ਦੇ ਸਰੀ ਵਿਚ ਇਕ ਨਿੱਜੀ ਸੰਸਥਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ‘ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਐਕਸ਼ਨ ਲਿਆ ਹੈ। ਸੂਤਰਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਅਧਿਕਾਰੀਆਂ ਦੀ ਵੀ ਇਸ ਮਾਮਲੇ ‘ਚ ਸ਼ਮੂਲੀਅਤ ਹੋਣ ਦੇ ਖ਼ਦਸ਼ੇ ਹਨ। ਕਮੇਟੀ ਇਹ ਵੀ ਪੱਖ ਖੰਗਾਲੇਗੀ। ਇਸ ਤੋ ਇਲਾਵਾ ਕੈਨੇਡਾ ਦੇ ਇਸ ਨਿੱਜੀ ਪ੍ਰਿੰਟਿੰਗ ਪ੍ਰੈੱਸ ਨੇ ਕਿੰਨੇ ਸਰੂਪ ਛਾਪੇ ਹਨ ਇਸਦੀ ਜਾਂਚ ਵੀ ਹੋਵੇਗੀ।