ਨਵੀ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਇਸ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੈਨੇਡੀਅਨ ਮੀਡੀਆ ਰਿਪੋਰਟਸ ਅਨੁਸਾਰ ਕਾਰਨੀ ਸਰਕਾਰ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਮੁਲਜ਼ਮ ਤਹੱਵੁਰ ਹੁਸੈਨ ਰਾਣਾ ਦੀ ਕੈਨੇਡੀਅਨ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
65 ਸਾਲਾ ਰਾਣਾ ਫਿਲਹਾਲ ਭਾਰਤ ਦੀ ਜੇਲ੍ਹ ਵਿੱਚ ਬੰਦ ਹੈ, ਜਿੱਥੇ ਉਸ ‘ਤੇ ਮੁੰਬਈ ਵਿੱਚ 26/11 ਦੇ ਅੱਤਵਾਦੀ ਹਮਲਿਆਂ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਮੁਕੱਦਮੇ ਦਾ ਟਰਾਇਲ ਚਲਾਇਆ ਜਾਣਾ ਹੈ। ਇਸ ਹਮਲੇ ਵਿੱਚ 160 ਤੋਂ ਵੱਧ ਲੋਕ ਮਾਰੇ ਗਏ ਸਨ। ਰਾਣਾ ਨੂੰ ਅਪ੍ਰੈਲ 2025 ਵਿੱਚ ਅਮਰੀਕਾ ਤੋਂ ਹਵਾਲਗੀ ਰਾਹੀਂ ਭਾਰਤ ਲਿਆਂਦਾ ਗਿਆ ਸੀ। ਹੁਣ ਕੈਨੇਡਾ ਦੀ ਸਰਕਾਰ ਉਸਦੀ ਕੈਨੇਡੀਅਨ ਨਾਗਰਿਕਤਾ ਖੋਹਣ ਜਾ ਰਹੀ ਹੈ। ਰਾਣਾ 1997 ਵਿੱਚ ਕੈਨੇਡਾ ਗਿਆ ਸੀ ਅਤੇ 2001 ਵਿੱਚ ਉਸਨੂੰ ਉੱਥੋਂ ਦੀ ਨਾਗਰਿਕਤਾ ਮਿਲੀ ਸੀ।
ਮਿਲੀ ਜਾਣਕਾਰੀ ਅਨੁਸਾਰ ਆਈਆਰਸੀਸੀ ਦਾ ਕਹਿਣਾ ਹੈ ਕਿ ਰਾਣਾ ਨੇ ਗਲਤ ਜਾਣਕਾਰੀ ਦੇ ਕੇ ਨਾਗਰਿਕਤਾ ਪ੍ਰਾਪਤ ਕੀਤੀ। ਤਹੱਵੁਰ ਰਾਣਾ ਨੇ ਸਾਲ 2000 ਵਿੱਚ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਉਸ ਸਮੇਂ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਚਾਰ ਸਾਲਾਂ ਤੱਕ ਓਟਾਵਾ ਅਤੇ ਟੋਰਾਂਟੋ ਵਿੱਚ ਰਿਹਾ ਸੀ। ਉਸ ਦੌਰਾਨ ਰਾਣਾ ਨੇ ਸਿਰਫ਼ ਛੇ ਦਿਨਾਂ ਦੀ ਗੈਰ-ਹਾਜ਼ਰੀ ਦੱਸੀ ਸੀ, ਪਰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੇ ਜਾਂਚ ਵਿੱਚ ਪਾਇਆ ਕਿ ਉਹ ਜ਼ਿਆਦਾਤਰ ਸਮਾਂ ਅਮਰੀਕਾ ਦੇ ਸ਼ਿਕਾਗੋ ਵਿੱਚ ਸੀ। ਉੱਥੇ ਉਸ ਦੀਆਂ ਕਈ ਜਾਇਦਾਦਾਂ ਸਨ ਅਤੇ ਉਸ ਕੋਲ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਅਤੇ ਇੱਕ ਦੁਕਾਨ ਸਮੇਤ ਕਈ ਕਾਰੋਬਾਰ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

