ਕੈਨੇਡੀਅਨ ਚੋਣਾਂ ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਜਾਂਚ ‘ਚ ਭਾਰਤ ਦਾ ਨਾਮ ਵੀ ਸ਼ਾਮਲ!

Global Team
2 Min Read

ਓਟਵਾ: ਕੈਨੇਡੀਅਨ ਚੋਣਾਂ ‘ਚ ਵਿਦੇਸ਼ੀ ਦਖਲ ਦੀ ਪੜਤਾਲ ਭਾਰਤ ਤੱਕ ਪੁੱਜ ਗਈ ਹੈ ਅਤੇ 2019 ਤੇ 2021 ਦੀਆਂ ਆਮ ਚੋਣਾਂ ‘ਚ ਕਥਿਤ ਭਾਰਤੀ ਦਖਲ ਦੀ ਜਾਂਚ ਵਿਸ਼ੇਸ਼ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕਮਿਸ਼ਨ ਦਾ ਗਠਨ ਚੀਨ ਨੂੰ ਮੁੱਖ ਰੱਖ ਕੇ ਕੀਤਾ ਗਿਆ ਸੀ ਪਰ ਹੁਣ ਭਾਰਤ, ਈਰਾਨ ਅਤੇ ਰੂਸ ਵੀ ਇਸ ਦੇ ਘੇਰੇ ਵਿਚ ਆ ਚੁੱਕੇ ਹਨ।

ਕਮਿਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਅਤੇ ਹੋਰ ਮੁਲਕਾਂ ‘ਤੇ ਲੱਗੇ ਦਖਲਅੰਦਾਜ਼ੀ ਦੇ ਦੋਸ਼ਾਂ ਬਾਰੇ ਕੈਨੇਡਾ ਸਰਕਾਰ ਨੂੰ ਦਸਤਾਵੇਜ਼ੀ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਹੈ। ਕਮਿਸ਼ਨ ਦੀ ਮੁਢਲੀ ਸੁਣਵਾਈ ਆਉਂਦੇ ਸੋਮਵਾਰ ਤੋਂ ਆਰੰਭ ਹੋਵੇਗੀ। ਜਿਸ ਦੌਰਾਨ ਕਈ ਤੱਥਾਂ ‘ਤੇ ਵਿਚਾਰ ਵਟਾਂਦਰਾ ਹੋ ਸਕਦਾ ਹੈ। ਕਮਿਸ਼ਨ ਦੀ ਅੰਤਰਮ ਰਿਪੋਰਟ 3 ਮਈ ਨੂੰ ਆਉਣੀ ਹੈ ਜਦਕਿ ਮੁਕੰਮਲ ਰਿਪੋਰਟ ਸਾਲ ਦੇ ਅੰਤ ਤੱਕ ਆਉਣ ਦੇ ਆਸਾਰ ਹਨ।

ਇਸ ਤੋਂ ਇਲਾਵਾ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਕਮਿਸ਼ਨ ਵੱਲੋਂ ਜਨਤਕ ਸੁਣਵਾਈ ਵੀ ਜਲਦ ਆਰੰਭੀ ਜਾ ਸਕਦੀ ਹੈ ਜੋ ਦੋ ਪੜਾਵਾਂ ਵਿਚ ਹੋਵੇਗੀ। ਕਮਿਸ਼ਨ ਵੱਲੋਂ ਉਨ੍ਹਾਂ ਦੇਸ਼ਾਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਵੱਲੋਂ ਕੰਜ਼ਰਵੇਟਿਵ ਪਾਰਟੀ ਨੂੰ ਹਰਾਉਣ ਅਤੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਜਿਤਾਉਣ ਦੇ ਯਤਨ ਕੀਤੇ ਗਏ।

ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਵੱਲੋਂ ਚੋਣ ਨਤੀਜਿਆਂ ਵਿਚ ਭਾਰਤ ਦੀ ਭੂਮਿਕਾ ਨੂੰ ਡੂੰਘਾਈ ਨਾਲ ਘੋਖਣ ‘ਤੇ ਜ਼ੋਰ ਦਿੱਤਾ ਗਿਆ ਅਤੇ ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਵੀ ਲਿਖਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment