ਵਾਸ਼ਿੰਗਟਨ : ਚੀਨ ਅਤੇ ਅਮਰੀਕਾ ਵਿਚਾਲੇ ਪੈਦਾ ਹੋਏ ਵਿਵਾਦਾਂ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਅਤੇ ਹੋਰ ਦੇਸ਼ਾਂ ਨਾਲ ਕੋਰੋਨਾ ਵੈਕਸੀਨ ਮਿਲ ਕੇ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜਿਹੜਾ ਵੀ ਸਾਡੇ ਲਈ ਕੋਰੋਨਾ ਵੈਕਸੀਨ ਦੇ ਚੰਗੇ ਅਤੇ ਵਧੀਆ ਨਤੀਜੇ ਲਿਆਏਗਾ, ਅਮਰੀਕਾ ਉਸ ਨਾਲ ਕੋਰੋਨਾ ਵੈਕਸੀਨ ‘ਤੇ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ।
ਟਰੰਪ ਦਾ ਇਹ ਬਿਆਨ ਉਦੋਂ ਆਇਆ ਜਦੋਂ ਟਰੰਪ ਪ੍ਰਸ਼ਾਸਨ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਚੀਨ ਪਹਿਲਾਂ ਕੋਰੋਨਾ ਵੈਕਸੀਨ ਤਿਆਰ ਕਰ ਲੈਂਦਾ ਹੈ ਤਾਂ ਅਮਰੀਕਾ ਚੀਨ ਨਾਲ ਕੰਮ ਕਰੇਗਾ। ਜਿਸ ‘ਤੇ ਉਨ੍ਹਾਂ ਨੇ ਕਿਸੇ ਵੀ ਦੇਸ਼ ਦਾ ਸਹਿਯੋਗ ਕਰਨ ਦੀ ਗੱਲ ਕਹੀ ਹੈ। ਟਰੰਪ ਨੇ ਇਹ ਬਿਆਨ ਉਦੋਂ ਦਿੱਤਾ ਜਦੋਂ ਇੱਕ ਖੋਜਕਰਤਾ ਨੇ ਦੱਸਿਆ ਕਿ ਚੀਨ ਦੀ ਕੋਰੋਨਾ ਵੈਕਸੀਨ ਕੈਨਸੀਨੋ ਬਾਇਓਲੋਜਿਸਕ ਸੁਰੱਖਿਅਤ ਪਾਈ ਗਈ ਹੈ ਅਤੇ ਜ਼ਿਆਦਾਤਰ ਵਿਸ਼ਿਆਂ ‘ਚ ਇਮਿਊਨ ਪ੍ਰਤੀਕ੍ਰਿਆ ਪੈਦਾ ਕਰਕੇ ਦਿਖਾਈ ਹੈ।
ਦੱਸ ਦਈਏ ਕਿ ਕੈਨਸੀਨੋ ਵੈਕਸੀਨ ਦੇ ਮਨੁੱਖੀ ਪਰੀਖਣ ਦੇ ਨਤੀਜੇ ਵਧੀਆ ਰਹੇ ਹਨ। ਇਸ ਤੋਂ ਇਲਾਵਾ ਅਮਰੀਕਾ ਅਧਾਰਤ ਮਾਡਰਨਾ ਇੰਡਸਟਰੀ ਅਤੇ ਜਰਮਨੀ ਦੀ ਬਾਇਓਨਟੈਕ ਐਸਈ ਦੀ ਵੈਕਸੀਨ ਦੇ ਵੀ ਮਨੁੱਖੀ ਪਰੀਖਣ ਚੱਲ ਰਹੇ ਹਨ। ਇੱਥੇ ਇਹ ਵੀ ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਕੋਰੋਨਾ ਮਹਾਮਾਰੀ ਲਈ ਚੀਨ ਨੂੰ ਦੋਸ਼ੀ ਠਹਿਰਾਉਂਦੇ ਆਏ ਹਨ।
ਅਮਰੀਕਾ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 41 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦ ਕਿ 1 ਲੱਖ 46 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਦਮ ਤੋੜ ਚੁੱਕੇ ਹਨ।