ਓਨਟਾਰੀਓ : ਕੈਨੇਡਾ ਦੇ ਕੈਲੇਡਨ ਸ਼ਹਿਰ ਦੇ ਵਸਨੀਕ ਗੁਰਪ੍ਰੀਤ ਸਿੰਘ ਨੂੰ ਇੱਕ ਘਰ ‘ਚ ਜ਼ਬਰਦਸਤੀ ਦਾਖ਼ਲ ਹੋਣ ਅਤੇ ਗੋਲੀਆਂ ਚਲਾ ਕੇ ਇੱਕ ਸ਼ਖਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੀਤੀ 2 ਅਕਤੂਬਰ ਨੂੰ ਕੈਲੇਡਨ ਦੇ ਬਰੈਮਲੀ ਰੋਡ ਅਤੇ ਕਿੰਗ ਸਟ੍ਰੀਟ ਇਲਾਕੇ ਦੇ ਇੱਕ ਘਰ ‘ਚ ਗੋਲੀਬਾਰੀ ਦੀ ਵਾਰਦਾਤ ਬਾਰੇ ਪੜਤਾਲ ਕਰਦਿਆਂ ਇਹ ਗ੍ਰਿਫ਼ਤਾਰੀ ਕੀਤੀ ਗਈ। ਪੁਲਿਸ ਮੁਤਾਬਕ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਜਾਨ ਬਚ ਗਈ ਜਦਕਿ 24 ਸਾਲ ਦੇ ਮੁਲਜ਼ਮ ਵਿਰੁੱਧ ਹਥਿਆਰ ਚਲਾਉਣ, ਹਮਲਾ ਕਰਨ, 5 ਹਜ਼ਾਰ ਡਾਲਰ ਤੋਂ ਘੱਟ ਰਕਮ ਦਾ ਨੁਕਸਾਨ ਕਰਨ, ਘਰ ‘ਚ ਜ਼ਬਰਦਸਤੀ ਦਾਖ਼ਲ ਹੋਣ ਅਤੇ ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਗੁਰਪ੍ਰੀਤ ਸਿੰਘ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਲਈ ਉਸ ਨੂੰ ਮੰਗਲਵਾਰ ਨੂੰ ਔਰੇਂਜਵਿਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਪੀੜਤ ਅਤੇ ਮੁਲਜ਼ਮ ਇਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹਨ ਜਾਂ ਨਹੀਂ।