ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਇਸ ਵੇਲੇ ਦੀ ਵੱਡੀ ਖ਼ਬਰ ਇਹ ਹੈ ਕਿ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਲੀ ਤਲਬ ਕਰ ਲਿਆ ਹੈ ਅਤੇ ਹਾਈ ਕਮਾਂਡ ਨੇ ਚੰਨੀ ਨੂੰ ਇਹ ਆਦੇਸ਼ ਵੀ ਦਿੱਤੇ ਹਨ ਕਿ ਉਹ ਪੰਜਾਬ ਦੇ ਚੀਫ ਸੈਕਟਰੀ ਅਨਿਰੁੱਧ ਤਿਵਾੜੀ ਨੂੰ ਵੀ ਨਾਲ ਲੈ ਕੇ ਆਉਣ । ਇਹ ਵੀ ਪਤਾ ਲੱਗਿਆ ਹੈ ਕਿ ਚੰਨੀ ਅੱਜ ਜਾਂ ਭਲਕ ਦਿੱਲੀ ਜਾਣਗੇ ।
ਅਸਲ ਵਿਚ ਨਵਜੋਤ ਸਿੰਘ ਸਿੱਧੂ ਦੇ ਕਹਿਣ ‘ਤੇ ਪੰਜਾਬ ਦੇ ਐਡਵੋਕੇਟ ਜਨਰਲ ਦੀ ਨਵੀਂ ਨਿਯੁਕਤ ਕੀਤੀ ਜਾਣੀ ਹੈ ਅਤੇ ਸੀਐਮ ਚੰਨੀ ਨੂੰ ਕਾਂਗਰਸ ਹਾਈਕਮਾਂਡ ਕਹੇਗੀ ਕਿ ਤੁਰੰਤ ਐਡਵੋਕੇਟ ਜਨਰਲ ਏਪੀਐਸ ਦਿਓਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ ।
ਪੰਜਾਬ ਪੁਲੀਸ ਦੇ ਕਾਰਜਕਾਰੀ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਦਾ ਤਬਾਦਲਾ ਵੀ ਕੀਤਾ ਜਾ ਸਕਦਾ ਹੈ ਉਨ੍ਹਾਂ ਦੀ ਥਾਂ ਕੋਈ ਨਵਾਂ ਕਾਰਜਕਾਰੀ ਪੁਲੀਸ ਮੁਖੀ ਲਗਾਇਆ ਜਾਵੇਗਾ।
ਕਾਂਗਰਸ ਦੇ ਪੱਕੇ ਸੂਤਰਾਂ ਨੇ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਜੋ ਨਜ਼ਲਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਝਾੜ੍ਹਿਆ ਹੈ ਉਹਦੇ ਪਿੱਛੇ ਵੀ ਕਾਂਗਰਸ ਹਾਈ ਕਮਾਂਡ ਦਾ ਹੀ ਹੱਥ ਹੈ । ਸਿੱਧੂ ਨੇ ਅਸਤੀਫ਼ਾ ਵੀ ਇਸ ਸ਼ਰਤ ਉੱਤੇ ਵਾਪਸ ਲਿਆ ਹੈ ਕਿ ਪੰਜਾਬ ਪੁਲੀਸ ਦੇ ਕਾਰਜਕਾਰੀ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ। ਸੋ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਹਾਈ ਕਮਾਂਡ ਵੀ ਇਸ ਗੱਲ ਨੂੰ ਲੈ ਕੇ ਸਹਿਮਤ ਹੈ ਕਿ ਬੇਅਦਬੀ ਮਾਮਲੇ ਵਿੱਚ ਦੋਵੇਂ ਵੱਡੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ, ਜਿਸ ਕਾਰਨ ਪੰਜਾਬ ਪੁਲੀਸ ਮੁਖੀ ਅਤੇ ਐਡਵੋਕੇਟ ਜਨਰਲ ਦੇ ਅਹੁਦੇ ‘ਤੇ ਇਨ੍ਹਾਂ ਵਿਵਾਦਿਤ ਅਧਿਕਾਰੀਆਂ ਨੂੰ ਨਹੀਂ ਸੀ ਲਗਾਉਣਾ ਚਾਹੀਦਾ ।
ਸੋ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਡਟ ਕੇ ਖੜ੍ਹ ਗਈ ਹੈ ਅਤੇ ਭਵਿੱਖ ਵਿਚ ਵੀ ਚਰਨਜੀਤ ਸਿੰਘ ਚੰਨੀ ਨੂੰ ਨਵਜੋਤ ਸਿੰਘ ਸਿੱਧੂ ਦੇ ਉਭਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ।