ਮੋਹਾਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਅਤੇ ਆਗੂਆਂ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਧਾਵਾ ਬੋਲਿਆ, ਪਰੰਤੂ ਭਾਰੀ ਨਾਕਾਬੰਦੀ ਕਰਕੇ ਪੰਜਾਬ ਪੁਲਸ ਨੇ ਸਾਰੇ ‘ਆਪ’ ਆਗੂਆਂ ਨੂੰ ਸਿਸਵਾਂ ਟੀ-ਪੁਆਇੰਟ ਨੇੜੇ ਰੋਕ ਲਿਆ ਗਿਆ। ਜਿੱਥੇ ਪਹਿਲਾ ਸਾਰੇ ‘ਆਪ’ ਆਗੂ ਧਰਨੇ ‘ਤੇ ਬੈਠ ਗਏ, ਫਿਰ ਨਾਕਾ ਤੋੜ ਕੇ ਜਾਣ ਦੀ ਕੋਸ਼ਿਸ਼ ਦੌਰਾਨ ਸਥਾਨਕ ਐਸਡੀਐਮ ਦੀ ਮੌਜੂਦਗੀ ‘ਚ ਹਰਪਾਲ ਸਿੰਘ ਚੀਮਾ ਸਮੇਤ ‘ਆਪ’ ਆਗੂਆਂ ਨੂੰ ਜ਼ੋਰ ਜ਼ਬਰਦਸਤੀ ਚੁੱਕ ਕੇ ਨੇੜਲੇ ਮੁੱਲਾਂਪੁਰ ਥਾਣੇ ‘ਚ ਲੈ ਗਏ। ਉੱਥੇ ਮੀਡੀਆ ਨੂੰ ਝਕਾਣੀ ਦੇਣ ਲਈ ਹਿਰਾਸਤ ‘ਚ ਲਏ ‘ਆਪ’ ਆਗੂਆਂ ਨੂੰ ਖਰੜ ਥਾਣੇ ਲੈ ਜਾਇਆ ਗਿਆ। ਜਿੱਥੇ ਕਰੀਬ ਇੱਕ ਘੰਟਾ ਰੱਖਣ ਉਪਰੰਤ ਰਿਹਾਅ ਕਰ ਦਿੱਤਾ ਗਿਆ, ਹਿਰਾਸਤ ‘ਚ ਲਏ ‘ਆਪ’ ਆਗੂਆਂ ਵਿਚ ਪ੍ਰਿਸੀਪਲ ਬੁੱਧ ਰਾਮ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮਾਸਟਰ ਬਲਦੇਵ ਸਿੰਘ ਜੈਤੋਂ, ਮਨਜੀਤ ਸਿੰਘ ਬਿਲਾਸਪੁਰ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ (ਸਾਰੇ ਵਿਧਾਇਕ0), ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਲੰਟੀਅਰ ਸ਼ਾਮਲ ਸਨ।
ਇਸ ਤੋਂ ਪਹਿਲਾਂ ਸਿਸਵਾਂ ਨਾਕੇ ‘ਤੇ ਘੇਰਾਬੰਦੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੇ ਤਾਨਾਸ਼ਾਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਮੁੱਖ ਮੰਤਰੀ ਅਮਰਿੰਦਰ ਸਿੰਘ ‘ਚ ਵੀ ਹਿਟਲਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ, ਜੋ ਕਿਸੇ ਵੀ ਦੀ ਪ੍ਰਵਾਹ ਹੀ ਨਹੀਂ ਕਰ ਰਿਹਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਵਜ਼ੀਫ਼ਾ (ਸਕਾਲਰਸ਼ਿਪ) ਯੋਜਨਾ ‘ਚ 64 ਕਰੋੜ ਰੁਪਏ ਦਾ ਨੰਗਾ-ਚਿੱਟਾ ਘੁਟਾਲਾ ਕਰਨ ਵਾਲੇ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਕੇ ਅਮਰਿੰਦਰ ਸਿੰਘ ਨੇ ਲੱਖਾਂ ਦਲਿਤ ਵਿਦਿਆਰਥੀਆਂ ਨਾਲ ਦੂਹਰਾ ਧ੍ਰੋਹ ਕਮਾਇਆ ਹੈ। ਚੀਮਾ ਨੇ ਦੋਸ਼ ਲਗਾਇਆ ਕਿ ਦਲਿਤ ਬੱਚਿਆਂ ਦੇ ਪੈਸੇ ਦਾ ਮੋਟਾ ਹਿੱਸਾ ਰਾਜੇ ਦੇ ਇਸ ਸ਼ਾਹੀ ਫਾਰਮ ਹਾਊਸ ‘ਤੇ ਪਹੁੰਚਿਆ ਹੈ, ਇਸ ਲਈ ਉਹ ਸੁੱਤੀ ਜ਼ਮੀਰ ਨੂੰ ਜਗਾਉਣ ਲਈ ਇੱਥੇ ਪੁੱਜੇ ਹਨ ਤਾਂ ਕਿ ਧਰਮਸੋਤ ਨੂੰ ਤੁਰੰਤ ਬਰਖ਼ਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾ ਦੇ ਨਸ਼ੇ ‘ਚ ਅੰਨ੍ਹੇ ਹੋਏ ਮੁੱਖ ਮੰਤਰੀ ਨੂੰ ਨਾ ਕਿਸਾਨਾਂ ਦੀ ਆਵਾਜ਼ ਸੁਣ ਰਹੀ ਹੈ ਨਾ ਲੋਕਾਂ ਦੀ ਫ਼ਿਕਰ ਹੈ। ਚੀਮਾ ਨੇ ਖੇਤੀ ਬਿੱਲਾਂ ਬਾਰੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਖੇਤੀ ਮਾਹਿਰਾਂ ਸਮੇਤ ਇਸ ਸੰਘਰਸ਼ ‘ਚ ਸ਼ਾਮਲ ਸਾਰੀਆਂ ਧਿਰਾਂ ਅਤੇ ਪ੍ਰਮੁੱਖ ਸਿਆਸੀ ਦਲਾਂ ਦੀ ਸਾਂਝੀ ਅਤੇ ਲੰਬੀ (ਮੈਰਾਥਨ) ਬੈਠਕ ਬੁਲਾਈ ਜਾਵੇ।
ਚੀਮਾ ਨੇ ਦੋਸ਼ ਲਗਾਇਆ ਕਿ ਮੋਦੀ ਦੇ ਦਬਾਅ ਅਤੇ ਕੋਰੋਨਾ ਦੀ ਆੜ ‘ਚ ਮੁੱਖ ਮੰਤਰੀ ਜਿੱਥੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਧਰਮਸੋਤ ਵਰਗੇ ਚੋਰਾਂ ਨੂੰ ਬਚਾਅ ਕੇ ਮਾਫ਼ੀਆ ਰਾਜ ਨੂੰ ਮਜ਼ਬੂਤ ਕਰ ਰਿਹਾ ਹੈ।