ਅਜਨਾਲਾ: ਬੀਤੀ ਰਾਤ ਅਜਨਾਲਾ ਸਰਹੱਦ ਤੇ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਨੇੜ੍ਹੇ ਡਰੋਨ ਉੱਡਦੇ ਦਿਖਾਈ ਦਿੱਤੇ ਗਏ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਕਾਰਵਾਈ ਕੀਤੀ ਗਈ ਅਤੇ ਦੋਵਾਂ ਨੂੰ ਡੇਗਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਥਾਣਾ ਰਮਦਾਸ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ‘ਤੇ 73 ਬਟਾਲੀਅਨ ਦੀ ਬੀਓਪੀ ਕੋਟ ਰਜਾਦਾ ਵਿਖੇ ਦੀ ਹੈ।
ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਉਂਦੇ ਡਰੋਨਾਂ ਨੂੰ ਸਾਢੇ ਗਿਆਰਾਂ ਤੋਂ ਵੱਖ-ਵੱਖ ਸਮੇਂ ਦੌਰਾਨ ਦੇਖਿਆ। ਪਾਕਿਸਤਾਨ ਨੇ ਤਿੰਨ ਤੋਂ ਚਾਰ ਵਾਰ ਡਰੋਨਾਂ ਨੂੰ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਰਾਤ ਦੇ ਹਨੇਰੇ ਵਿਚ ਪਤਾ ਨਹੀਂ ਚੱਲ ਸਕਿਆ ਕਿ ਡਰੋਨ ਡੇਗਣ ‘ਚ ਜਵਾਨ ਕਾਮਯਾਬ ਹੋਏ ਸਨ ਜਾਂ ਨਹੀਂ ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ। ਦੋ ਦਿਨ ਪਹਿਲਾਂ ਇਸ ਇਲਾਕੇ ‘ਚ ਰਾਵੀ ਦਰਿਆ ਰਾਹੀਂ ਪਲਾਸਟਿਕ ਦੀ ਬੋਤਲ ‘ਚ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।