ਹੁਸ਼ਿਆਰਪੁਰ : ਪੰਜਾਬ ‘ਚ ਅਮਨ ਕਨੂੰਨ ਦੀ ਸਥਿਤੀ ਦਾ ਕੀ ਹਾਲ ਹੈ ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੈ। ਆਏ ਦਿਨ ਕਿਸੇ ਪਾਸੇ ਕਤਲ, ਲੁੱਟ ਖੋਹ, ਗੋਲੀਬਾਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਦੋ ਦਿਨ ਪਹਿਲਾਂ ਦੀ ਹੀ ਗੱਲ ਕਰ ਲਈਏ ਕਿ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਹੈ। ਇਸੇ ਦਰਮਿਆਨ ਇੱਕ ਹੋਰ ਵਾਕਿਆ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਮਾਮਲਾ ਹੁਸ਼ਿਆਰਪੁਰ ਦਾ ਹੈ।ਇੱਥੇ ਇੱਕ ਵਿਅਕਤੀ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ। ਮਰਨ ਵਾਲੇ ਦੀ ਪਹਿਚਾਣ ਧਰਮ ਚੰਦ ਵਜੋਂ ਹੋਈ ਹੈ।
ਦਰਅਸਲ ਇੱਥੇ ਦੇ ਪਿੰਡ ਘਾਗੋ ਰੋੜਾਵਲੀ ‘ਚ ਉਸ ਵੇਲੇ ਰੌਲਾ ਪੈ ਗਿਆ ਜਦੋਂ ਇੱਕ ਬਜ਼ੁਰਗ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਮ੍ਰਿਤਕ ਧਰਮ ਚੰਦ ਦਾ ਮੂੰਹ ਕੱਪੜੇ ਪਾ ਕੇ ਬੰਦ ਕੀਤਾ ਗਿਆ ਸੀ ਅਤੇ ਉਸ ਨੂੰ ਬਾਥਰੂਮ ਨਾਲ ਬੰਨਿਆ ਗਿਆ ਸੀ। ਮ੍ਰਿਤਕ ਧਰਮ ਚੰਦ ਦਾ ਪਰਿਵਾਰ ਵਿਦੇਸ਼ ਰਹਿੰਦਾ ਹੈ। ਮ੍ਰਿਤਕ ਧਰਮ ਚੰਦ ਦੇ ਜਵਾਈ ਦੱਸੇ ਜਾਂਦੇ ਵਿਅਕਤੀ ਅਨੁਸਾਰ ਧਰਮ ਚੰਦ ਨੂੰ ਆਂਢ ਗੁਆਂਢ ਦੇ ਲੋਕ ਹੀ ਖਾਣ ਪੀਣ ਨੂੰ ਦਿੰਦੇ ਸਨ ਅਤੇ ਬੀਤੇ ਦਿਨੀਂ ਜਦੋਂ ਉਹ ਖਾਣ ਪੀਣ ਲਈ ਦੇਣ ਆਏ ਤਾਂ ਉਨ੍ਹਾਂ ਨੂੰ ਬਜ਼ੁਰਗ ਨਹੀਂ ਮਿਲਿਆ। ਇਸ ਮੌਕੇ ਜਦੋਂ ਜਵਾਈ ਨੂੰ ਗੁਆਂਢੀਆਂ ਵੱਲੋਂ ਦੱਸਿਆ ਗਿਆ ਤਾਂ ਉਸ ਨੇ ਪਹੁੰਚ ਕੇ ਬੰਦ ਕਮਰਾ ਦੇਖਿਆ ਜਿੱਥੇ ਬਜ਼ੁਰਗ ਨੂੰ ਬਾਥਰੂਮ ਨਾਲ ਬੰਨਿਆ ਗਿਆ ਸੀ ਅਤੇ ਉਸ ਦੇ ਮੂੰਹ ‘ਚ ਵੀ ਕੱਪੜੇ ਪਾਏ ਗਏ ਸਨ।
ਇਸ ਤੋਂ ਇਲਾਵਾ ਘਰ ਦਾ ਸਮਾਨ ਅਤੇ ਅਲਮਾਰੀ ਵੀ ਉਥਲ ਪੁਥਲ ਸੀ। ਜਿਸ ਤੋਂ ਬਾਅਦ ਇਹ ਮਾਮਲਾ ਚੋਰੀ ਦਾ ਲੱਗ ਰਿਹਾ ਹੈ ਕਿ ਚੋਰਾਂ ਵੱਲੋਂ ਵੀ ਬਜ਼ੁਰਗ ਦੀ ਹੱਤਿਆ ਕੀਤੀ ਗਈ ਹੈ। ਉੱਧਰ ਦੂਜੇ ਪਾਸੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।