ਬ੍ਰਿਟੇਨ: ਬ੍ਰਿਟੇਨ ‘ਚ ਫੈਲ ਰਹੇ ਕੋਰੋਨਾ ਵਾਇਰਸ ਕਾਰਨ ਸਥਿਤੀ ਬਹੁਤ ਗੰਭੀਰ ਬਣ ਰਹੀ ਹੈ। ਜਿਸ ਨੂੰ ਦੇਖਦਿਆਂ, ਲੰਡਨ ਸਣੇ ਕਈ ਥਾਵਾਂ ‘ਤੇ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਸਿਹਤ ਸਕੱਤਰ ਮੈਟ ਹੈਨਕੌਕ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਤੇਜੀ ਨਾਲ ਫੈਲ ਰਿਹਾ ਹੈ। ਇਸ ਦੀ ਨਵੀਂ ਕਿਸਮ ਹੁਣ ਤੱਕ ਕਈ ਲੋਕਾਂ ਨੂੰ ਬਿਮਾਰ ਕਰ ਚੁੱਕੀ ਹੈ।
ਉੱਥੇ ਹੀ ਸੰਕਰਮਣ ਦੇ ਵਧ ਰਹੇ ਮਾਮਲਿਆਂ ਨੂੰ ਦੇਖਦਿਆਂ ਲੰਦਨ ‘ਚ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ, ਇਹ ਪਾਬੰਦੀਆਂ 23 ਦਸੰਬਰ ਤੱਕ ਲਾਗੂ ਰਹਿਣਗੀਆਂ।
ਸਿਹਤ ਸਕੱਤਰ ਹੈਨਕੌਕ ਨੇ ਕਿਹਾ ਕਿ ਦੇਸ਼ ਵਿਚ ਕੋਰੋਨਾਵਾਇਰਸ ਦੀ ਇੱਕ ਨਵੀਂ ਕਿਸਮ ਦੇ ਵਾਇਰਸ SARS-CoV-2 ਦੀ ਪਹਿਚਾਣ ਕੀਤੀ ਗਈ ਹੈ। ਇਹ ਦੱਖਣ ਪੂਰਬੀ ਇਲਾਕਿਆਂ ਵਿੱਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ, ਹੁਣ ਤਕ ਇਸ ਦੇ ਇੱਕ ਹਜ਼ਾਰ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਮਾਹਰਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਹੈ ਕਿ ਨਵੀਂ ਕਿਸਮ ਦੇ ਕੋਰੋਨਾ ਦਾ ਪ੍ਰਸਾਰ ਕਿੱਥੇ ਤੱਕ ਫੈਲਿਆ ਹੈ। ਇਸ ਦਾ ਪਹਿਲਾ ਮਾਮਲਾ ਪਿਛਲੇ ਹਫ਼ਤੇ ਕੈਂਟ ਇਲਾਕੇ ਵਿੱਚ ਸਾਹਮਣੇ ਆਇਆ ਸੀ। ਫਿਲਹਾਲ ਵਿਗਿਆਨੀ ਇਹ ਨਹੀਂ ਦੱਸ ਸਕੇ ਹਨ ਕਿ ਕੋਰੋਨਾ ਵਾਇਰਸ ਦੇ ਦੀ ਇਸ ਨਵੀਂ ਕਿਸਮ ‘ਤੇ ਵੈਕਸੀਨ ਦਾ ਕੋਈ ਅਸਰ ਪਵੇਗਾ ਜਾਂ ਨਹੀਂ।
ਹੈਨਕੌਕ ਨੇ ਕ੍ਰਿਸਮਸ ਮੌਕੇ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਸਬੰਧੀ ਚਿਤਾਵਨੀ ਵੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।