ਲੰਦਨ : ਕੋਰੋਨਾ ਮਹਾਮਾਰੀ ਪ੍ਰਕੋਪ ਦੇ ਚੱਲਦਿਆਂ ਬ੍ਰਿਟੇਨ ਤੋਂ ਇੱਕ ਖੁਸ਼ੀ ਦੀ ਖਬਰ ਆਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਪਿਤਾ ਬਣ ਗਏ ਹਨ। ਬੀਤੇ ਬੁੱਧਵਾਰ ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਜ਼ ਨੇ ਲੰਡਨ ਦੇ ਇੱਕ ਹਸਪਤਾਲ ‘ਚ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਪ੍ਰਧਾਨ ਮੰਤਰੀ ਜਾਨਸਨ ਤੇ ਉਨ੍ਹਾਂ ਦੀ ਮੰਗੇਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੈ। ਦੱਸ ਦਈਏ ਕਿ ਜਾਨਸਨ ਅਤੇ ਕੈਰੀ ਸਾਇਮੰਡਜ਼ ਨੇ ਇਸ ਸਾਲ ਫਰਵਰੀ ‘ਚ ਸ਼ਾਦੀ ਕਰਨ ਦਾ ਐਲਾਨ ਕੀਤਾ ਸੀ। ਕੈਰੀ ਸਾਇਮੰਡਜ਼ ਦਾ ਸਬੰਧ ਬ੍ਰਿਟੇਨ ਦੀ ਰਾਜਨੀਤੀ ਨਾਲ ਹੈ। 2012 ‘ਚ ਜਾਨਸਨ ਦੇ ਲੰਦਨ ਦਾ ਮੇਅਰ ਬਣਨ ‘ਚ ਕੈਰੀ ਨੇ ਅਹਿਮ ਭੂਮਿਕਾ ਨਿਭਾਈ ਸੀ।
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਹਾਲ ਹੀ ‘ਚ ਕੋਰੋਨਾ ਮਹਾਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਵਾਪਸ ਆਪਣੇ ਦਫਤਰ ਕੰਮ ‘ਤੇ ਪੁਜੇ ਸਨ। ਮਿਲੀ ਜਾਣਕਾਰੀ ਅਨੁਸਾਰ ਜਾਨਸਨ ਦੀ ਮੰਗੇਤਰ ਕੈਰੀ ਸਾਇਮੰਡਸ ਦਾ ਇਹ ਪਹਿਲਾ ਬੱਚਾ ਹੈ। ਰਿਪੋਰਟਾਂ ਮੁਤਾਬਕ ਜਾਨਸਨ ਅਤੇ ਉਨ੍ਹਾਂ ਦੀ ਦੂਸਰੀ ਪਤਨੀ ਮਰੀਨਾ ਵ੍ਹੀਲਰ ਸਾਲ 2018 ਵਿੱਚ ਅਲੱਗ ਹੋ ਗਏ ਸਨ ਅਤੇ ਇਨ੍ਹਾਂ ਦੋਵਾਂ ਦੇ ਚਾਰ ਬੱਚੇ ਹਨ। ਇਸ ਸਭ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਬੋਰਿਸ ਜਾਨਸਨ ਦਾ ਪੰਜਵਾਂ ਬੱਚਾ ਸਟੈਫਨੀ ਮੈਕਿੰਟਰੇ ਹੈ। ਸਟੀਫਨੀ ਦੀ ਮਾਂ ਬੋਰਿਸ ਜਾਨਸਨ ਦੀ ਸਲਾਹਕਾਰ ਸੀ।
ਦੱਸ ਦਈਏ ਕਿ ਪ੍ਰਧਾਨ ਮੰਤਰੀ ਜਾਨਸਨ ਨੂੰ ਇਸ ਮਹੀਨੇ ਦੇ ਸ਼ੁਰੂ ‘ਚ ਕੋਰੋਨਾ ਸੰਕਰਮਿਤ ਹੋਣ ਕਾਰਨ ਲੰਡਨ ਦੇ ਇੱਕ ਹਸਪਤਾਲ ਦੇ ਆਈਸੀਯੂ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 12 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਬ੍ਰਿਟੇਨ ‘ਚ ਹੁਣ ਤੱਕ ਕੋਰੋਨਾ ਦੇ 1 ਲੱਖ 65 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕ ਹਨ ਤੇ 26 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ 2 ਲੱਖ 28 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 31 ਲੱਖ ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ।