ਨਵੀਂ ਦਿੱਲੀ : ਦਿੱਲੀ ‘ਚ ਵਧਦੇ ਪ੍ਰਦੂਸ਼ਣ ਅਤੇ ਸੁਪਰੀਮ ਕੋਰਟ ਦੀ ਝਾੜਝੰਬ ਤੋਂ ਬਾਅਦ ਕੇਜਰੀਵਾਲ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਪ੍ਰਦੂਸ਼ਣ ਦੇ ਚਲਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਸਕੂਲਾਂ ਨੂੰ ਸੋਮਵਾਰ ਤੋਂ ਇੱਕ ਹਫ਼ਤੇ ਲਈ ਬੰਦ ਕਰਨ ਦਾ ਐਲਾਨ ਕੀਤਾ ਹੈ। ਹਫ਼ਤੇ ਲਈ ਸਕੂਲ ਆਨਲਾਈਨ ਕਲਾਸਾਂ ਲੈਣਗੇ।
ਇਸਦੇ ਨਾਲ ਹੀ ਸਾਰੇ ਸਰਕਾਰੀ ਕਰਮਚਾਰੀਆਂ ਨੂੰ 100 ਫ਼ੀਸਦੀ ਘਰੋਂ ਕੰਮ ਕਰਨ (WFH) ਲਈ ਕਿਹਾ ਗਿਆ ਹੈ। ਜਿਸ ਤੋਂ ਸਾਫ਼ ਹੈ ਕਿ ਸਰਕਾਰੀ ਕਰਮਚਾਰੀ ਦਫ਼ਤਰਾਂ ‘ਚ ਨਾ ਆ ਕੇ ਘਰ ਤੋਂ ਹੀ ਸਾਰਾ ਕੰਮਕਾਜ ਕਰਨਗੇ। ਮੁੱਖ ਮੰਤਰੀ ਅਨੁਸਾਰ ਨਿੱਜੀ ਦਫ਼ਤਰਾਂ ਨੂੰ ਵੱਧ ਤੋਂ ਵੱਧ ਡਬਲਯੂਐਫਐਚ ਵਿਕਲਪ ਲਈ ਜਾਣ ਲਈ ਸਲਾਹ ਜਾਰੀ ਕੀਤੀ ਜਾਵੇਗੀ ।
ਇਸ ਮੁੱਦੇ ‘ਤੇ ਐਮਰਜੈਂਸੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੂਰਨ ਲੌਕਡਾਊਨ ਦੀ ਰੂਪ ਰੇਖਾ ‘ਤੇ ਵਿਚਾਰ ਕਰ ਰਹੇ ਹਾਂ। ਪ੍ਰਾਈਵੇਟ ਵਾਹਨਾਂ ਨੂੰ ਬੰਦ ਕਰਨ ਬਾਰੇ ਵੀ ਸੋਚ ਰਹੇ ਹਾਂ। ਸਾਰੇ ਨਿਰਮਾਣ ਕਾਰਜ ਰੋਕ ਦਿੱਤੇ ਗਏ ਹਨ।
ਦੀਵਾਲੀ ਤੋਂ ਬਾਅਦ ਖਰਾਬ ਹੋਈ ਦਿੱਲੀ ਦੀ ਹਵਾ ਅਜੇ ਵੀ ਗੰਭੀਰ ਸ਼੍ਰੇਣੀ ‘ਚ ਬਣੀ ਹੋਈ ਹੈ। ਦਿੱਲੀ ਦੀ ਹਾਲਤ ਕਿੰਨੀ ਮਾੜੀ ਹੈ, ਤੁਸੀਂ ਇਸ ਤੋਂ ਸਮਝ ਸਕਦੇ ਹੋ ਕਿ ਦੁਨੀਆ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਦਿੱਲੀ ਸਭ ਤੋਂ ਅੱਗੇ ਹੈ। ਭਾਰਤ ਦੇ ਮੁੰਬਈ ਅਤੇ ਕੋਲਕਾਤਾ ਵੀ ਇਸ ਸੂਚੀ ਵਿੱਚ ਸ਼ਾਮਲ ਹਨ।
ਸਵਿਟਜ਼ਰਲੈਂਡ ਸਥਿਤ ਜਲਵਾਯੂ ਸਮੂਹ IQAir ਨੇ ਇਹ ਨਵੀਂ ਸੂਚੀ ਜਾਰੀ ਕੀਤੀ ਹੈ। ਇਹ ਗਰੁੱਪ ਹਵਾ ਦੀ ਗੁਣਵੱਤਾ ਅਤੇ ਪ੍ਰਦੂਸ਼ਣ ਦੀ ਨਿਗਰਾਨੀ ਕਰਦਾ ਹੈ। ਇਹ ਸਮੂਹ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਵਿੱਚ ਇੱਕ ਤਕਨਾਲੋਜੀ ਭਾਈਵਾਲ ਹੈ।