ਲੁਧਿਆਣਾ (ਰਜਿੰਦਰ ਅਰੋੜਾ) : ਵੱਡੀ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ। ਲੁਧਿਆਣਾ ਦੇ ਹੰਬੜਾ ਰੋਡ ‘ਤੇ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਸੁਨਾਰ ਦੀ ਦੁਕਾਨ ਤੋਂ ਲੱਖਾਂ ਦੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ ।
ਜਾਣਕਾਰੀ ਅਨੁਸਾਰ ਇਹ ਘਟਨਾ ਹੁਣ ਤੋਂ ਕੁਝ ਸਮਾਂ ਪਹਿਲਾਂ ਰਾਤ ਸਵਾ ਨੌਂ ਵਜੇ ਦੇ ਕਰੀਬ ਵਾਪਰੀ ਹੈ। ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਹੰਬੜਾ ਰੋਡ ’ਤੇ ਰਾਮ ਸ਼ਰਣਮ ਨੇਡ਼ੇ ਸਥਿਤ ਸਤਿਗੁਰੂ ਜਿਊਲਰਜ਼ ਦੀ ਦੁਕਾਨ ’ਤੇ ਆਏ । ਦੁਕਾਨ ਦਾ ਮਾਲਕ ਕਿਰਨ ਵਰਮਾ ਅਤੇ ਮੁਲਾਜ਼ਮ ਅੰਦਰ ਮੌਜੂਦ ਸਨ ।
ਹਾਸਲ ਜਾਣਕਾਰੀ ਅਨੁਸਾਰ ਦੁਕਾਨ ਅੰਦਰ ਦਾਖਲ ਹੁੰਦਿਆਂ ਇਨ੍ਹਾਂ ਲੁਟੇਰਿਆਂ ਨੇ ਕਿਰਨ ਵਰਮਾ ਪਾਸੋਂ ਗਹਿਣਿਆਂ ਦੀ ਮੰਗ ਕੀਤੀ ਜਦੋਂ ਕਿ ਕਿਰਨ ਵਰਮਾ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਇਨ੍ਹਾਂ ਲੁਟੇਰਿਆਂ ਵਿਚੋਂ ਦੋ ਲੁਟੇਰਿਆਂ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ । ਲੁਟੇਰੇ ਦੁਕਾਨ ਦੀ ਤਿਜੌਰੀ ‘ਚ ਪਏ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ।
ਏ.ਡੀ.ਸੀ.ਪੀ. ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।